#Cricket #SPORTS

ਆਈ.ਪੀ.ਐੱਲ. ‘ਚ ਲਖਨਊ ਸੁਪਰ ਜਾਇੰਟਸ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ

ਕੋਲਕਾਤਾ, 8 ਅਪ੍ਰੈਲ (ਪੰਜਾਬ ਮੇਲ)- ਲਖਨਊ ਸੁਪਰ ਜਾਇੰਟਸ (ਐੱਲ.ਐੱਸ.ਜੀ.) ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਰੋਮਾਂਚਕ ਮੁਕਾਬਲੇ ਵਿਚ ਮੇਜ਼ਬਾਨ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੀ ਟੀਮ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ।
ਲਖਨਊ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਿਸ਼ੇਲ ਮਾਰਸ਼ (81), ਨਿਕੋਲਸ ਪੂਰਨ (ਨਾਬਾਦ 87) ਤੇ ਏਡਨ ਮਾਰਕਰਾਮ 47 ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 238 ਬਣਾਈਆਂ। ਮਾਰਸ਼ ਨੇ 48 ਗੇਂਦਾਂ ਦੀ ਪਾਰੀ ਵਿਚ 6 ਚੌਕੇ ਤੇ ਪੰਜ ਛੱਕੇ ਜੜੇ, ਜਦੋਂਕਿ ਪੂਰਨ ਨੇ 36 ਗੇਂਦਾਂ ਵਿਚ 87 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਇਸ ਦੌਰਾਨ 7 ਚੌਕੇ ਤੇ 8 ਛੱਕੇ ਲਾਏ।
ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਦੀ ਟੀਮ ਨਿਰਧਾਰਿਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਨਾਲ 234 ਦੌੜਾਂ ਹੀ ਬਣਾ ਸਕੀ। ਕਪਤਾਨ ਅਜਿੰਕਿਆ ਰਹਾਣੇ ਨੇ 35 ਗੇਂਦਾਂ ਵਿਚ 61 ਦੌੜਾਂ ਬਣਾਈਆਂ। ਹੋਰਨਾਂ ਬੱਲੇਬਾਜ਼ਾਂ ਵਿਚ ਵੈਂਕਟੇਸ਼ ਅੱਈਅਰ ਨੇ 45 ਤੇ ਹੇਠਲੇ ਕ੍ਰਮ ਵਿਚ ਰਿੰਕੂ ਸਿੰਘ ਨੇ 15 ਗੇਂਦਾਂ ‘ਤੇ 38 ਦੌੜਾਂ ਦੀ ਨਾਬਾਦ ਪਾਰੀ ਖੇਡੀ, ਪਰ ਉਹ ਟੀਮ ਨੂੰ ਜਿੱਤ ਦਿਵਾਉਣ ਵਿਚ ਨਾਕਾਮ ਰਿਹਾ। ਲਖਨਊ ਲਈ ਅਕਾਸ਼ਦੀਪ ਤੇ ਸ਼ਰਦੁਲ ਠਾਕੁਰ ਨੇ ਦੋ ਦੋ ਜਦੋਂਕਿ ਇਕ ਇਕ ਵਿਕਟ ਅਵੇਸ਼ ਖ਼ਾਨ, ਦਿਗਵੇਸ਼ ਸਿੰਘ ਤੇ ਰਵੀ ਬਿਸ਼ਨੋਈ ਨੇ ਲਈ।