ਨਵੀਂ ਦਿੱਲੀ, 28 ਫ਼ਰਵਰੀ (ਪੰਜਾਬ ਮੇਲ)- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2026 ਦੇ ਸ਼ਡਿਊਲ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਟੂਰਨਾਮੈਂਟ ਹੁਣ ਮਿੱਥੀ ਗਈ ਤਰੀਕ ਤੋਂ ਦੋ ਦਿਨ ਬਾਅਦ, ਯਾਨੀ 28 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਇਸ ਨੂੰ 26 ਮਾਰਚ ਤੋਂ ਸ਼ੁਰੂ ਕਰਨ ਦੀ ਯੋਜਨਾ ਸੀ।
15 ਦਸੰਬਰ 2025 ਨੂੰ ਸਾਰੀਆਂ 10 ਫ੍ਰੈਂਚਾਈਜ਼ੀਆਂ ਨੂੰ ਦਿੱਤੀ ਗਈ ਜਾਣਕਾਰੀ ਵਿਚ 26 ਮਾਰਚ ਦੀ ਤਾਰੀਖ ਦੱਸੀ ਗਈ ਸੀ, ਪਰ ਹੁਣ ਮੈਚ ਦੀ ਸ਼ੁਰੂਆਤ 28 ਮਾਰਚ ਤੈਅ ਕੀਤੀ ਗਈ ਹੈ। ਫਾਈਨਲ ਮੁਕਾਬਲਾ 31 ਮਈ ਨੂੰ ਖੇਡਿਆ ਜਾਵੇਗਾ।
ਆਈ.ਪੀ.ਐੱਲ. ਗਵਰਨਿੰਗ ਕੌਂਸਲ ਦੀ ਮੀਟਿੰਗ ਅਗਲੇ ਹਫ਼ਤੇ ਹੋਣੀ ਹੈ, ਜਿਸ ਵਿਚ ਪੂਰੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਸ਼ਡਿਊਲ ਜਾਰੀ ਕਰਨ ਵਿਚ ਦੇਰੀ ਦੀ ਮੁੱਖ ਵਜ੍ਹਾ ਅਸਾਮ, ਪੱਛਮੀ ਬੰਗਾਲ ਅਤੇ ਤਮਿਲਨਾਡੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਇਨ੍ਹਾਂ ਰਾਜਾਂ ਦੀਆਂ ਤਾਰੀਖਾਂ ਦਾ ਐਲਾਨ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.), ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਅਤੇ ਰਾਜਸਥਾਨ ਰਾਇਲਜ਼ (ਆਰ.ਆਰ.) ਦੇ ਘਰੇਲੂ ਮੈਚਾਂ ‘ਤੇ ਚੋਣਾਂ ਦਾ ਅਸਰ ਪੈ ਸਕਦਾ ਹੈ।
2008 ਵਿਚ ਆਈ.ਪੀ.ਐੱਲ. ਦੀ ਸ਼ੁਰੂਆਤ ਤੋਂ ਬਾਅਦ ਜਦੋਂ ਵੀ ਦੇਸ਼ ਵਿਚ ਲੋਕ ਸਭਾ ਜਾਂ ਕਿਸੇ ਰਾਜ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਹਨ, ਤਦ ਸ਼ਡਿਊਲ ਨੂੰ ਦੋ ਹਿੱਸਿਆਂ ਵਿਚ ਜਾਰੀ ਕੀਤਾ ਗਿਆ ਹੈ। 2009, 2014, 2019 ਅਤੇ 2024 ਵਿਚ ਇਹ ਹੋ ਚੁੱਕਾ ਹੈ। ਇਸ ਵਾਰ ਆਈ.ਪੀ.ਐੱਲ. ਗਵਰਨਿੰਗ ਕੌਂਸਲ ਇਹੀ ਮਾਡਲ ਅਪਣਾਏਗੀ ਜਾਂ ਚੋਣ ਤਾਰੀਖਾਂ ਦੀ ਉਡੀਕ ਕਰੇਗੀ, ਇਸ ਬਾਰੇ ਫੈਸਲਾ ਅਜੇ ਬਾਕੀ ਹੈ।
ਟੂਰਨਾਮੈਂਟ ਦਾ ਪਹਿਲਾ ਮੈਚ ਡਿਫੈਂਡਿੰਗ ਚੈਂਪੀਅਨ ਰੌਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਖੇਡੇਗੀ। ਹਾਲਾਂਕਿ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਪਿਛਲੇ ਸਾਲ ਟੀਮ ਦੀ ਜਿੱਤ ਮਾਰਚ ਦੌਰਾਨ ਹੋਈ ਭਗਦੜ ਤੋਂ ਬਾਅਦ, ਟੀਮ ਆਪਣੇ ਘਰੇਲੂ ਮੈਚਾਂ ਨੂੰ ਲੈ ਕੇ ਵਿਚਾਰ ਕਰ ਰਹੀ ਹੈ। ਆਰ.ਸੀ.ਬੀ. ਨੇ ਬਦਲਵੇ ਵੇਨਿਊ ਵਜੋਂ ਨਵੀਂ ਮੁੰਬਈ, ਰਾਇਪੁਰ ਅਤੇ ਪੁਣੇ ਨੂੰ ਸ਼ੌਰਟਲਿਸਟ ਕੀਤਾ ਹੈ।
ਆਰ.ਸੀ.ਬੀ. ਦੀ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇ.ਐੱਸ.ਸੀ.ਏ.) ਨਾਲ ਗੱਲਬਾਤ ਜਾਰੀ ਹੈ ਕਿ ਟੀਮ ਦੇ ਸੱਤੋਂ ਘਰੇਲੂ ਮੈਚ ਬੈਂਗਲੁਰੂ ਵਿਚ ਹੀ ਕਰਵਾਏ ਜਾਣ ਜਾਂ ਕਿਸੇ ਹੋਰ ਸ਼ਹਿਰ ਵਿਚ ਸ਼ਿਫਟ ਕੀਤੇ ਜਾਣ। ਹੁਣ ਸਾਰਿਆਂ ਦੀਆਂ ਨਿਗਾਹਾਂ ਆਈ.ਪੀ.ਐੱਲ. ਗਵਰਨਿੰਗ ਕੌਂਸਲ ਦੀ ਮੀਟਿੰਗ ‘ਤੇ ਟਿਕੀਆਂ ਹਨ, ਜਿੱਥੋਂ ਸ਼ਡਿਊਲ ਅਤੇ ਓਪਨਿੰਗ ਵੇਨਿਊ ਬਾਰੇ ਪੂਰੀ ਤਸਵੀਰ ਸਾਫ਼ ਹੋਵੇਗੀ।
ਆਈ.ਪੀ.ਐੱਲ. 2026: ਟੂਰਨਾਮੈਂਟ ਦੇ ਸ਼ਡਿਊਲ ‘ਚ ਹੋਇਆ ਬਦਲਾਅ

