-ਅਮਰੀਕੀ ਅਰਥਵਿਵਸਥਾ ‘ਮਜ਼ਬੂਤ’ ਹੋਣ ਦੇ ਬਾਵਜੂਦ ਜ਼ੋਖਿਮ ਬਰਕਰਾਰ
ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)- ਆਈ.ਐੱਮ.ਐੱਫ. ਨੇ ਆਪਣੀ ਰਿਪੋਰਟ ‘ਚ ਅਮਰੀਕੀ ਅਰਥਵਿਵਸਥਾ ਦਾ ਸਮੁੱਚਾ ਮੁਲਾਂਕਣ ਪੇਸ਼ ਕੀਤਾ ਹੈ। ਅਮਰੀਕੀ ਅਰਥਵਿਵਸਥਾ ਦੇ ਇਸ ਸਾਲ ਤੇਜ਼ੀ ਨਾਲ ਵਧਣ ਨਾਲ ਹੀ ਬੇਰੋਜ਼ਗਾਰੀ ‘ਚ ਕਮੀ ਆ ਸਕਦੀ ਹੈ। ਹਾਲਾਂਕਿ, ਫੈੱਡਰਲ ਬਜਟ ਘਾਟਾ ਅਤੇ ਵਧਦਾ ਸਰਕਾਰੀ ਕਰਜ਼ਾ ‘ਸਥਿਰਤਾ ਲਈ ਜੋਖਿਮ’ ਬਣ ਸਕਦਾ ਹੈ। ਅੰਤਰਰਾਸ਼ਟਰੀ ਕਰੰਸੀ ਫੰਡ (ਆਈ. ਐੱਮ. ਐੱਫ.) ਨੇ ਇਹ ਗੱਲ ਕਹੀ।
191 ਦੇਸ਼ਾਂ ਦੀ ਇਸ ਸੰਸਥਾ ਦਾ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਾਰੇ ਮੁਲਾਂਕਣ ਮੋਟੇ ਤੌਰ ‘ਤੇ ਹਾਂ-ਪੱਖੀ ਹੈ। ਰਿਪੋਰਟ ਅਨੁਸਾਰ ਅਮਰੀਕਾ ਦਾ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਭਾਵ ਵਸਤਾਂ ਅਤੇ ਸੇਵਾਵਾਂ ਦਾ ਕੁੱਲ ਉਤਪਾਦਨ 2026 ਦੀ ਚੌਥੀ ਤਿਮਾਹੀ ‘ਚ ਸਾਲਾਨਾ ਆਧਾਰ ‘ਤੇ 2.4 ਫੀਸਦੀ ਵਧ ਸਕਦਾ ਹੈ। ਇਹ ਵਾਧਾ 2025 ‘ਚ ਦਰਜ 2.2 ਫੀਸਦੀ ਦੀ ਦਰ ਤੋਂ ਵੱਧ ਹੋਵੇਗਾ।
ਆਈ.ਐੱਮ.ਐੱਫ. ਦਾ ਅੰਦਾਜ਼ਾ ਹੈ ਕਿ ਅਮਰੀਕਾ ‘ਚ ਬੇਰੋਜ਼ਗਾਰੀ ਦੀ ਦਰ 2025 ਦੇ ਅਖੀਰ ‘ਚ 4.5 ਫੀਸਦੀ ਤੋਂ ਘੱਟ ਕੇ 2026 ‘ਚ 4.1 ਫੀਸਦੀ ਰਹਿ ਜਾਵੇਗੀ। ਉੱਥੇ ਹੀ ਮਹਿੰਗਾਈ ਦਰ 2027 ਤੱਕ ਅਮਰੀਕੀ ਕੇਂਦਰੀ ਬੈਂਕ ਦੇ 2 ਫੀਸਦੀ ਦੇ ਟੀਚੇ ਤੱਕ ਆ ਸਕਦੀ ਹੈ।
ਆਈ.ਐੱਮ.ਐੱਫ. ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜੌਰਜੀਵਾ ਨੇ ਕਿਹਾ ਕਿ ਫੈੱਡਰਲ ਰਿਜ਼ਰਵ ਰੈਪੋ ਦਰ ਨੂੰ ਮੌਜੂਦਾ 3.6 ਫੀਸਦੀ ਤੋਂ ਘਟਾ ਕੇ ਲੱਗਭਗ 3.4 ਫੀਸਦੀ ਤੱਕ ਲਿਆ ਸਕਦਾ ਹੈ। ਇਸ ਨੇ 2025 ‘ਚ ਨੀਤੀਗਤ ਵਿਆਜ ਦਰ ‘ਚ 3 ਵਾਰ ਕਟੌਤੀ ਕੀਤੀ ਸੀ। ਉਨ੍ਹਾਂ ਨੇ ਹਾਲਾਂਕਿ ਖਬਰਦਾਰ ਕੀਤਾ ਕਿ ਅਮਰੀਕੀ ਰੋਜ਼ਗਾਰ ਬਾਜ਼ਾਰ ‘ਚ ‘ਬਹੁਤ ਜ਼ਿਆਦਾ ਗਿਰਾਵਟ’ ਆਉਣ ਦੀ ਸਥਿਤੀ ਨੂੰ ਛੱਡ ਕੇ ਸਰਕਾਰ ਨੂੰ ਹੋਰ ਕਟੌਤੀ ਕਰਨ ਤੋਂ ਬਚਣਾ ਚਾਹੀਦਾ ਹੈ। ਰਿਪੋਰਟ ਮੁਤਾਬਕ ਅਮਰੀਕਾ ਨੂੰ ਮਜ਼ਬੂਤ ਉਤਪਾਦਕਤਾ ਵਾਧੇ ਦਾ ਲਾਭ ਮਿਲਿਆ ਹੈ।
ਜੌਰਜੀਵਾ ਨੇ ਕਿਹਾ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਈ ਇੰਪੋਰਟ ਡਿਊਟੀ ਨਹੀਂ ਹੁੰਦੀ, ਤਾਂ ਅਮਰੀਕੀ ਅਰਥਵਿਵਸਥਾ ਦਾ ਪ੍ਰਦਰਸ਼ਨ ਹੋਰ ਬਿਹਤਰ ਹੋ ਸਕਦਾ ਸੀ। ਆਈ.ਐੱਮ.ਐੱਫ. ਨੇ ਚਿਤਾਵਨੀ ਦਿੱਤੀ ਕਿ ਸੁਰੱਖਿਆਵਾਦੀ ਵਪਾਰਕ ਨੀਤੀਆਂ ਉਮੀਦ ਤੋਂ ਵੱਧ ਆਰਥਿਕ ਗਤੀਵਿਧੀਆਂ ‘ਤੇ ਨਾਂ-ਪੱਖੀ ਅਸਰ ਪਾ ਸਕਦੀਆਂ ਹਨ।
ਆਈ.ਐੱਮ.ਐੱਫ. ਵੱਲੋਂ ਅਮਰੀਕੀ ਅਰਥਵਿਵਸਥਾ ਦਾ ਸਮੁੱਚਾ ਮੁਲਾਂਕਣ ਪੇਸ਼

