ਅੰਮ੍ਰਿਤਸਰ, 18 ਨਵੰਬਰ (ਪੰਜਾਬ ਮੇਲ)- ਸਾਹਿਤ ਅਤੇ ਸੰਗੀਤ ਨਾਲ ਜੁੜੀ ਬਹੁ-ਪੱਖੀ ਸ਼ਖਸੀਅਤ ਸ. ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਵਾਹ ਉਸਤਾਦ ਵਾਹ – ਜੀਵਨੀਆਂ ਮਹਾਨ ਤਬਲਾ ਵਾਦਕ ਅਤੇ ਉਸਤਾਦ ਸਹਿਬਾਨ’ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਚੱਲ ਰਹੇ 10ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫਰ, ਪ੍ਰਿੰਸੀਪਲ ਸ. ਆਤਮ ਸਿੰਘ ਰੰਧਾਵਾ, ਸੁਖੀ ਬਾਠ ਕੈਨੇਡਾ, ਡਾ. ਪਰਮਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾ. ਹੀਰਾ ਸਿੰਘ ਅਤੇ ਹੋਰ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ। ਕਿਤਾਬ ਬਾਰੇ ਗੱਲਬਾਤ ਕਰਦਿਆਂ ਲੇਖਕ ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਇਸ ਕਿਤਾਬ ਵਿਚ 40 ਤੋਂ ਵੱਧ ਮਹਾਨ ਤਬਲਾ ਵਾਦਕ ਅਤੇ ਉਸਤਾਦ ਸਾਹਿਬਾਨਾਂ ਦੀਆਂ ਜੀਵਨੀਆਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਕਿਸਮ ਦੀ ਇਹ ਪਹਿਲੀ ਕਿਤਾਬ ਹੈ। ਇਹ ਜੀਵਨੀਆਂ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਅਤੇ ਸੰਗੀਤ ਵਿਦਿਆਲਿਆਂ ਤੋਂ ਤਬਲਾ ਵਾਦਨ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਦੇ ਸਿਲੇਬਸ ਵਿਚ ਵੀ ਸ਼ਾਮਲ ਹਨ। ਇਸ ਸਭ ਦੇ ਨਾਲ ਪੰਜਾਬ ਘਰਾਣੇ ਦੇ ਮਹਾਨ ਤਬਲਾ ਵਾਦਕਾਂ ਅਤੇ ਪਖਾਵਜ ਵਾਦਕਾਂ ਬਾਰੇ ਵੀ ਵਿਸਥਾਰਤ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਇਸ ਮੌਕੇ ਸ. ਸਤਿੰਦਰ ਸਿੰਘ ਓਠੀ, ਡਾ. ਪੁਨੀਤ ਕੌਰ, ਪ੍ਰਦੀਪ ਕੌਰ, ਗੀਤਕਾਰ ਆਰਜੀਤ, ਬਲਦੀਪ ਸਿੰਘ ਰਾਮੂੰਵਾਲੀਆ, ਕੁਲਦੀਪ ਸਿੰਘ ਅਜ਼ਾਦ ਬੁੱਕ ਡਿਪੋ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਅੰਮ੍ਰਿਤਸਰ ਸਾਹਿਤ ਉਤਸਵ ਦੌਰਾਨ ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਵਾਹ ਉਸਤਾਦ ਵਾਹ’ ਹੋਈ ਲੋਕ ਅਰਪਨ

