#PUNJAB

ਅੰਮ੍ਰਿਤਸਰ ਵਿਚ ਜਲਦੀ ਹੀ ਖੁੱਲ੍ਹੇਗਾ ਅਮਰੀਕੀ ਕੌਂਸਲੇਟ

ਅੰਮ੍ਰਿਤਸਰ, 18 ਮਾਰਚ (ਪੰਜਾਬ ਮੇਲ)- ਪੰਜਾਬ ਦੇ ਅੰਮ੍ਰਿਤਸਰ ‘ਚ ਆਉਣ ਵਾਲੇ ਸਮੇਂ ‘ਚ ਇਕ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਅਮਰੀਕਾ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਜਲਦੀ ਹੀ ਅੰਮ੍ਰਿਤਸਰ ਵਿਚ ਅਮਰੀਕੀ ਕੌਂਸਲੇਟ ਖੋਲ੍ਹਿਆ ਜਾਵੇਗਾ। ਸੰਧੂ ਨੇ ਦੱਸਿਆ ਕਿ ਅਮਰੀਕਾ ਸਰਕਾਰ ਵੱਲੋਂ ਭਾਰਤ ਵਿੱਚ ਦੋ ਹੋਰ ਨਵੇਂ ਕੌਂਸਲੇਟ ਖੋਲ੍ਹੇ ਜਾਣੇ ਹਨ, ਜਿਨ੍ਹਾਂ ਵਿਚੋਂ ਇੱਕ ਭਾਰਤ ਦੇ ਵਿਦੇਸ਼ ਮੰਤਰੀ ਡਾ: ਜੈਸ਼ੰਕਰ ਨੇ ਅੰਮ੍ਰਿਤਸਰ ਵਿਚ ਖੋਲ੍ਹਣ ਦਾ ਭਰੋਸਾ ਪ੍ਰਗਟਾਇਆ ਹੈ।
ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਅਮਰੀਕੀ ਕੌਂਸਲੇਟ ਖੁੱਲ੍ਹਣ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਵੀਜ਼ਾ ਲੈਣ ਦੇ ਮੌਕੇ ਅਤੇ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ, ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਵਧਾਉਣ ਦੇ ਮੌਕੇ ਮਿਲਣਗੇ ਅਤੇ ਦੋਵਾਂ ਦੇਸ਼ਾਂ ਦੇ ਲੋਕ ਇੱਕ ਦੂਜੇ ਨਾਲ ਜੁੜ ਜਾਣਗੇ। ਤਰਨਜੀਤ ਸਿੰਘ ਸੰਧੂ ਨੂੰ ਨਵੰਬਰ, 2023 ਵਿਚ ਰਾਜਦੂਤ ਵਜੋਂ ਆਪਣੇ ਕਾਰਜਕਾਲ ਦੌਰਾਨ ਸਿਆਟਲ, ਯੂ.ਐੱਸ.ਏ. ਵਿਚ ਭਾਰਤੀ ਕੌਂਸਲੇਟ ਖੋਲ੍ਹਣ ਦਾ ਸਨਮਾਨ ਪ੍ਰਾਪਤ ਹੋਇਆ ਸੀ। ਇੱਥੇ ਕੌਂਸਲੇਟ ਖੋਲ੍ਹਣ ਦਾ ਫੈਸਲਾ ਸੱਤ ਸਾਲ ਪਹਿਲਾਂ 2016 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਿਆ ਸੀ। ਸੰਯੁਕਤ ਰਾਜ ਅਮਰੀਕਾ ਦੋਵਾਂ ਦੇਸ਼ਾਂ ਵਿਚ ਨਵੇਂ ਕੌਂਸਲੇਟ ਖੋਲ੍ਹਣ ਦੀ ਪਰਸਪਰ ਯੋਜਨਾ ਦੇ ਹਿੱਸੇ ਵਜੋਂ ਭਾਰਤ ਵਿਚ ਦੋ ਨਵੇਂ ਕੌਂਸਲੇਟ ਖੋਲ੍ਹਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰਾਜਦੂਤ ਸੰਧੂ ਨੂੰ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ 1992 ਵਿਚ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਭਾਰਤੀ ਦੂਤਘਰ ਖੋਲ੍ਹਣ ਦਾ ਸੁਭਾਗ ਪ੍ਰਾਪਤ ਹੋਇਆ ਸੀ।
ਸੰਧੂ ਨੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਾਰਗੋ ਸੇਵਾਵਾਂ ਸ਼ੁਰੂ ਕਰਨ ਅਤੇ ਦੇਸ਼-ਵਿਦੇਸ਼ ਨਾਲ ਹਵਾਈ ਸੰਪਰਕ ਵਧਾਉਣ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਅਮਰੀਕਾ, ਕੈਨੇਡਾ, ਯੂਰਪੀ ਅਤੇ ਖਾੜੀ ਦੇਸ਼ਾਂ ਨਾਲ ਹਵਾਈ ਸੰਪਰਕ ਵਧਾਉਣ ਦੀਆਂ ਬੇਅੰਤ ਸੰਭਾਵਨਾਵਾਂ ਹਨ। ਕਾਰਗੋ ਸੁਵਿਧਾਵਾਂ ਵਪਾਰੀਆਂ, ਕਾਰੋਬਾਰੀਆਂ ਅਤੇ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਨੂੰ ਵਿਦੇਸ਼ੀ ਮੰਡੀਆਂ ਤੱਕ ਪਹੁੰਚਾਉਣ ਦੀ ਸਹੂਲਤ ਦੇਵੇਗੀ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿਚ ਮਹੱਤਵਪੂਰਨ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਿਰਫ਼ ਧਾਰਮਿਕ ਕੇਂਦਰ ਹੀ ਨਹੀਂ, ਸਗੋਂ ਇਹ ਸੱਭਿਆਚਾਰਕ, ਸੈਰ-ਸਪਾਟਾ, ਉਦਯੋਗਿਕ ਅਤੇ ਵਪਾਰਕ ਕੇਂਦਰ ਵੀ ਹੈ। ਇੱਥੇ ਹੁਨਰਮੰਦ ਨੌਜਵਾਨਾਂ ਦੀ ਕੋਈ ਕਮੀ ਨਹੀਂ ਹੈ। ਸੰਧੂ ਡਾਕਟਰ ਜੈਸ਼ੰਕਰ ਨਾਲ ਪੜ੍ਹਾਈ ਅਤੇ ਕੰਮ ਕਰਨ ਲਈ ਵਿਦੇਸ਼ ਗਏ ਨੌਜਵਾਨ ਤੋਂ ਇਲਾਵਾ ਅਮਰੀਕਨ ਕੰਪਨੀਆਂ ਐਮਾਜ਼ਾਨ, ਮਾਈਕ੍ਰੋਸਾਫਟ, ਬੋਇੰਗ, ਟਰੈਵਲ ਕੰਪਨੀ ਐਕਸਪੀਡੀਆ, ਲਗਜ਼ਰੀ ਫੈਸ਼ਨ ਰਿਟੇਲਰ ਨੌਰਡਸਟ੍ਰੋਮ ਅਤੇ ਵੱਡੀਆਂ ਇੰਜੀਨੀਅਰਿੰਗ ਕੰਪਨੀਆਂ ਅਤੇ ਹੋਰ ਵੱਡੀਆਂ ਤਕਨੀਕੀ ਕੰਪਨੀਆਂ ਨੇ ਅੰਮ੍ਰਿਤਸਰ ਵਿਚ ਨਿਵੇਸ਼ ਕਰਨ ਬਾਰੇ ਵਿਚਾਰ ਕੀਤਾ।