#PUNJAB

ਅੰਮ੍ਰਿਤਪਾਲ ਸਿੰਘ ਦੀ ਸੰਸਦ ਮੈਂਬਰੀ ਨੂੰ ਫਿਲਹਾਲ ਕੋਈ ਖ਼ਤਰਾ ਨਹੀਂ

-60ਵੇਂ ਦਿਨ ਵੀ ਮੰਗੀ ਜਾ ਸਕਦੀ ਹੈ ਛੁੱਟੀ : ਐਡੀਸ਼ਨਲ ਸਾਲਿਸਟਰ ਜਨਰਲ ਸਤਿਆਪਾਲ ਜੈਨ
ਚੰਡੀਗੜ੍ਹ, 25 ਮਾਰਚ (ਪੰਜਾਬ ਮੇਲ)- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸੰਸਦ ਵਿਚ ਲਗਾਤਾਰ ਗੈਰ-ਹਾਜ਼ਰੀ 59 ਦਿਨਾਂ ਤੱਕ ਪਹੁੰਚ ਗਈ ਹੈ, ਪਰ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਮੈਂਬਰੀ ਨੂੰ ਫਿਲਹਾਲ ਕੋਈ ਤੁਰੰਤ ਖ਼ਤਰਾ ਨਹੀਂ ਹੈ। ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਅਜੇ ਵੀ ਛੁੱਟੀ ਲਈ ਅਰਜ਼ੀ ਦੇ ਸਕਦੇ ਹਨ, ਜਿਸ ਨੂੰ ਆਮ ਤੌਰ ‘ਤੇ ਸਬੰਧਤ ਸੰਸਦ ਕਮੇਟੀ ਵੱਲੋਂ ਪ੍ਰਵਾਨ ਕਰ ਲਿਆ ਜਾਂਦਾ ਹੈ।
ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਅੱਗੇ ਐਡੀਸ਼ਨਲ ਸਾਲਿਸਟਰ ਜਨਰਲ ਸਤਿਆਪਾਲ ਜੈਨ ਨੇ ਦੱਸਿਆ ਕਿ ਮੰਗਲਵਾਰ ਗੈਰ-ਹਾਜ਼ਰੀ ਦਾ 60ਵਾਂ ਦਿਨ ਹੈ। ਨਿਯਮਾਂ ਅਨੁਸਾਰ ਜੇਕਰ ਕੋਈ ਮੈਂਬਰ ਲਗਾਤਾਰ 60 ਬੈਠਕਾਂ ਵਿਚ ਗੈਰ-ਹਾਜ਼ਰ ਰਹਿੰਦਾ ਹੈ, ਤਾਂ ਸੰਸਦ ਉਸ ਦੀ ਸੀਟ ਖਾਲੀ ਐਲਾਨ ਸਕਦੀ ਹੈ।
ਹਾਲਾਂਕਿ, ਜੈਨ ਨੇ ਸਪੱਸ਼ਟ ਕੀਤਾ ਕਿ ਇਹ ਨਿਯਮ ਪੂਰੀ ਤਰ੍ਹਾਂ ਸਖ਼ਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸੰਸਦ ਦੀ ਇੱਕ ‘ਕੰਡੋਨੇਸ਼ਨ ਆਫ ਐਬਸੈਂਸ’ (ਗੈਰ-ਹਾਜ਼ਰੀ ਮੁਆਫ਼ੀ) ਕਮੇਟੀ ਹੁੰਦੀ ਹੈ, ਜੋ ਬਿਮਾਰੀ, ਹਾਦਸੇ ਜਾਂ ਹਿਰਾਸਤ ਵਰਗੇ ਹਾਲਾਤਾਂ ‘ਤੇ ਵਿਚਾਰ ਕਰਕੇ ਛੁੱਟੀ ਮਨਜ਼ੂਰ ਕਰ ਸਕਦੀ ਹੈ।
ਸੰਸਦ ਮੈਂਬਰ ਨੂੰ ਪਹਿਲਾਂ ਹੀ ਉਨ੍ਹਾਂ ਦੇ ਛੁੱਟੀ ਮੰਗਣ ਦੇ ਅਧਿਕਾਰ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਨੇ ਅਦਾਲਤ ਵਿਚ ਪਟੀਸ਼ਨ ਪਾਈ ਹੋਈ ਹੈ ਕਿ ਉਨ੍ਹਾਂ ਨੂੰ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਲਈ ਅਸਥਾਈ ਰਿਹਾਈ (ਪੈਰੋਲ) ਦਿੱਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 19 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਨ੍ਹਾਂ ਦੀ ਲਗਾਤਾਰ ਹਿਰਾਸਤ ਲੋਕਤੰਤਰੀ ਅਧਿਕਾਰਾਂ ਦੇ ਵਿਰੁੱਧ ਹੈ।