#AMERICA

ਅਲਾਬਾਮਾ ਰਾਜ ‘ਚ ਇਕ ਨਾਈਟ ਕਲੱਬ ‘ਚ ਹੋਈ ਗੋਲੀਬਾਰੀ ਵਿਚ 4 ਮੌਤਾਂ; 9 ਹੋਰ ਜ਼ਖਮੀ

– ਨਿੱਤ ਦਿਨ ਹੋ ਰਹੀ ਗੋਲੀਬਾਰੀ ਤੋਂ ਆਮ ਵਿਅਕਤੀ ਹੋਇਆ ਦੁਖੀ
ਸੈਕਰਾਮੈਂਟੋ, 16 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਬੰਦੂਕ ਸੱਭਿਆਚਾਰ ਨੇ ਸਮਾਜਿਕ ਤਾਣੇ-ਬਾਣੇ ਉਪਰ ਬਹੁਤ ਮਾੜਾ ਪ੍ਰਭਾਵ ਪਾਇਆ ਹੈ। ਆਏ ਦਿਨ ਗੋਲੀਬਾਰੀ ਹੋਣ ਤੇ ਲੋਕਾਂ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀਆਂ ਘਟਨਾਵਾਂ ਤੋਂ ਆਮ ਵਿਅਕਤੀ ਦੁੱਖੀ ਹੈ ਪਰ ਉਸ ਕੋਲ ਇਸ ਮਸਲੇ ਦਾ ਹੱਲ ਨਹੀਂ ਹੈ। ”ਗੰਨ ਵਾਇਓਲੈਂਸ ਆਰਕੀਵ” ਦੇ ਅੰਕੜਿਆਂ ਅਨੁਸਾਰ 2024 ‘ਚ ਹੁਣ ਤੱਕ ਅਮਰੀਕਾ ਵਿਚ ਸਮੂਹਿਕ ਗੋਲੀਬਾਰੀ ਦੀਆਂ 293 ਘਟਨਾਵਾਂ ਹੋ ਚੁੱਕੀਆਂ ਹਨ।
ਅਲਾਬਾਮਾ ਵਿਚ ਗੋਲੀਬਾਰੀ:- ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਪਰ ਹੋਏ ਹਮਲੇ ਦੇ ਕੁਝ ਘੰਟਿਆਂ ਬਾਅਦ ਹੀ ਰਾਤ 11 ਵਜੇ ਦੇ ਕਰੀਬ ਅਲਾਬਾਮਾ ਰਾਜ ਵਿਚ ਬਰਮਿੰਘਮ ਵਿਖੇ ਇਕ ਨਾਈਟ ਕਲੱਬ ‘ਚ ਹੋਈ ਅੰਧਾਧੁੰਦ ਗੋਲੀਬਾਰੀ ‘ਚ ਘੱਟੋ-ਘੱਟ 4 ਲੋਕਾਂ ਦੇ ਮਾਰੇ ਜਾਣ ‘ਤੇ 9 ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਂਚਕਾਰਾਂ ਦਾ ਵਿਸ਼ਵਾਸ ਹੈ ਕਿ ਗੋਲੀਬਾਰੀ ਵਿਚ ਇਕ ਵਿਅਕਤੀ ਸ਼ਾਮਲ ਹੈ, ਜਿਸ ਨੇ 27ਵੀਂ ਸਟਰੀਟ ਨਾਰਥ ‘ਤੇ ਸਥਿੱਤ ਨਾਈਟ ਕਲੱਬ ਵਿਚ ਬਾਹਰੋਂ ਸੜਕ ਤੋਂ ਗੋਲੀਬਾਰੀ ਕੀਤੀ। ਬਰਮਿੰਘਮ ਪੁਲਿਸ ਅਫਸਰ ਟਰਮੈਨ ਫਿਟਜ਼ਗੇਰਾਲਡ ਨੇ ਇਕ ਵੀਡੀਓ ਬਿਆਨ ‘ਚ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ, ਤਾਂ ਉਨ੍ਹਾਂ ਨੂੰ ਬਹੁਤ ਸਾਰੇ ਲੋਕ ਜ਼ਖਮੀ ਹਾਲਤ ਵਿਚ ਮਿਲੇ। ਪੁਲਿਸ ਅਨੁਸਾਰ 2 ਔਰਤਾਂ ਨਾਈਟ ਕਲੱਬ ਦੇ ਅੰਦਰ ਤੇ ਇਕ ਵਿਅਕਤੀ ਘਟਨਾ ਸਥਾਨ ਦੇ ਨਾਲ ਬਾਹਰਵਾਰ ਜ਼ਖਮੀ ਹਾਲਤ ਵਿਚ ਮਿਲੇ, ਜਿਨ੍ਹਾਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਇਕ ਹੋਰ ਵਿਅਕਤੀ ਹਸਪਤਾਲ ਜਾ ਕੇ ਦਮ ਤੋੜ ਗਿਆ। ਪੁਲਿਸ ਅਨੁਸਾਰ ਗੋਲੀਬਾਰੀ ‘ਚ ਜ਼ਖਮੀ ਹੋਏ 9 ਵਿਅਕਤੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਘਟਨਾ ਸਬੰਧੀ ਕਿਸੇ ਨੂੰ ਹਿਰਾਸਤ ‘ਚ ਨਹੀਂ ਲਿਆ ਗਿਆ ਹੈ ਤੇ ਨਾ ਹੀ ਕਿਸੇ ਸ਼ੱਕੀ ਦੋਸ਼ੀ ਦੀ ਪਛਾਣ ਹੋਈ ਹੈ। ਫਿਟਜ਼ਗੇਰਾਲਡ ਨੇ ਕਿਹਾ ਹੈ ਕਿ ਜਾਂਚਕਾਰ ਇਹ ਪਤਾ ਲਾਉਣ ਦਾ ਯਤਨ ਕਰ ਰਹੇ ਹਨ ਕਿ ਗੋਲੀ ਚੱਲਣ ਪਿੱਛੇ ਕਾਰਨ ਕੀ ਸੀ? ਉਨ੍ਹਾਂ ਕਿਹਾ ਕਿ ਇਸ ਸਬੰਧੀ ਮੌਕੇ ਦੇ ਗਵਾਹਾਂ ਤੇ ਆਸ-ਪਾਸ ਦੇ ਲੋਕਾਂ ਕੋਲੋਂ ਮਦਦ ਲਈ ਜਾ ਰਹੀ ਹੈ ਤੇ ਸੰਘੀ ਅਧਿਕਾਰੀ ਮੌਕੇ ਉਪਰ ਤਾਇਨਾਤ ਹਨ, ਜੋ ਜਾਂਚ ਵਿਚ ਬਰਮਿੰਘਮ ਪੁਲਿਸ ਅਫਸਰਾਂ ਦੀ ਮਦਦ ਕਰ ਰਹੇ ਹਨ।