#INDIA

‘ਅਲਵਿਦਾ ਕੁਸ਼ਤੀ’: ਓਲੰਪਿਕ ‘ਚ ਅਯੋਗ ਠਹਿਰਾਏ ਜਾਣ ਮਗਰੋਂ ਵਿਨੇਸ਼ ਫੋਗਾਟ ਵੱਲੋਂ ਸੰਨਿਆਸ ਦਾ ਐਲਾਨ

ਨਵੀਂ ਦਿੱਲੀ, 8 ਅਗਸਤ (ਪੰਜਾਬ ਮੇਲ)- ਪਹਿਲਵਾਨ ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਇਕ ਦਿਨ ਪਹਿਲਾਂ ਉਸ ਨੂੰ ਪੈਰਿਸ ਵਿਚ 2024 ਓਲੰਪਿਕ ‘ਚ ਕੁਸ਼ਤੀ ਦੇ ਫਾਈਨਲ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਦੇ ਸੋਨ ਤਗਮੇ ਦੇ ਮੈਚ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।
ਸੰਨਿਆਸ ਦਾ ਐਲਾਨ ਕਰਦੇ ਹੋਏ ਉਨ੍ਹਾਂ ਹਿੰਦੀ ਵਿਚ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ, ਮਾਂ ਕੁਸ਼ਤੀ ਮੇਰੇ ਕੋਲੋਂ ਜਿੱਤ ਗਈ, ਮੈਂ ਹਾਰ ਗਈ। ਮੈਨੂੰ ਮੁਆਫ਼ ਕਰ ਦੇਣਾ, ਤੁਹਾਡਾ ਸੁਪਨਾ ਅਤੇ ਮੇਰੀ ਹਿੰਮਤ ਟੁੱਟ ਗਈ। ਹੁਣ ਮੇਰੇ ਵਿਚ ਹੋਰ ਤਾਕਤ ਨਹੀਂ ਹੈ।” ਉਨ੍ਹਾਂ ਪੋਸਟ ‘ਚ ਲਿਖਿਆ, ”ਅਲਵਿਦਾ ਕੁਸ਼ਤੀ 2001-2024।”
ਵਿਨੇਸ਼ ਨੇ ਸੈਮੀਫਾਈਨਲ ਮੁਕਾਬਲੇ ‘ਚ ਆਪਣੀ ਵਿਰੋਧੀ ਨੂੰ 5-0 ਦੇ ਫ਼ਰਕ ਨਾਲ ਹਰਾ ਦਿੱਤਾ ਸੀ ਅਤੇ ਓਲੰਪਿਕ ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਸੀ। ਹਾਲਾਂਕਿ, ਉਸ ਨੂੰ ਸਿਰਫ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਮੈਚ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਕੋਰਟ ਆਫ ਆਰਬਿਟ੍ਰੇਸ਼ਨ (CAS) ਵਿਚ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਈਵੈਂਟ ਲਈ ਸਿਲਵਰ ਮੈਡਲ ਦਿੱਤਾ ਜਾਣਾ ਚਾਹੀਦਾ ਹੈ।