#INDIA

ਅਯੋਗ ਕਰਾਰ ਦਿੱਤੇ 6 ਹਿਮਾਚਲੀ ਵਿਧਾਇਕ Supreme Court ਪੁੱਜੇ

ਨਵੀਂ ਦਿੱਲੀ, 7 ਮਾਰਚ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਵੱਲੋਂ ਅਯੋਗ ਕਰਾਰ ਦਿੱਤੇ ਛੇ ਕਾਂਗਰਸੀ ਵਿਧਾਇਕ ਸੁਪਰੀਮ ਕੋਰਟ ਪੁੱਜ ਗਏ ਹਨ। ਇਨ੍ਹਾਂ ਵਿਧਾਇਕਾਂ ਨੂੰ ਹਾਲ ਹੀ ‘ਚ ਹੋਈ ਰਾਜ ਸਭਾ ਦੀ ਚੋਣ ‘ਚ ਕਰਾਸ ਵੋਟਿੰਗ ਦੇ ਮਾਮਲੇ ‘ਚ ਸਪੀਕਰ ਨੇ ਅਯੋਗ ਕਰਾਰ ਦੇ ਦਿੱਤਾ ਸੀ। ਇਨ੍ਹਾਂ ਸਾਬਕਾ ਵਿਧਾਇਕਾਂ ਨੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਦੇ ਫੈਸਲੇ ਵਿਰੁੱਧ 29 ਫਰਵਰੀ ਨੂੰ ਸੁਪਰੀਮ ਕੋਰਟ ‘ਚ ਦਰਖਾਸਤ ਦਾਖ਼ਲ ਕੀਤੀ ਸੀ। ਕਰਾਸ ਵੋਟਿੰਗ ਸਦਕਾ 27 ਫਰਵਰੀ ਨੂੰ ਸੀਨੀਅਰ ਕਾਂਗਰਸੀ ਆਗੂ ਅਭਿਸ਼ੇਕ ਸਿੰਘਵੀ ਰਾਜ ਸਭਾ ਦੀ ਚੋਣ ਹਾਰ ਗਏ ਸਨ ਜਦੋਂ ਕਿ ਭਾਜਪਾ ਦੇ ਹਰਸ਼ ਮਹਾਜਨ ਚੋਣ ਜਿੱਤ ਗਏ ਸਨ। ਰਾਜ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਪੱਖ ‘ਚ ਮਤਦਾਨ ਕਰਨ ਵਾਲੇ ਕਾਂਗਰਸ ਦੇ ਬਾਗੀ ਵਿਧਾਇਕ ਬਾਅਦ ‘ਚ ਪਾਰਟੀ ਦੇ ਵ੍ਹਿਪ ਦੀ ਉਲੰਘਣਾ ਕਰਦਿਆਂ ਬਜਟ ‘ਤੇ ਮਤਦਾਨ ‘ਚ ਗੈਰਹਾਜ਼ਰ ਰਹੇ ਸੀ। ਸੱਤਾਧਾਰੀ ਕਾਂਗਰਸ ਨੇ ਇਸ ਆਧਾਰ ‘ਤੇ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ। ਅਯੋਗ ਕਰਾਰ ਦਿੱਤੇ ਗਏ ਵਿਧਾਇਕਾਂ ‘ਚ ਰਾਜਿੰਦਰ ਰਾਣਾ, ਸੁਧੀਰ ਸ਼ਰਮਾ, ਇੰਦਰ ਦੱਤ ਲਖਨਪਾਨ, ਦਵਿੰਦਰ ਕੁਮਾਰ ਭੁੱਟੋ, ਰਵੀ ਠਾਕੁਰ ਅਤੇ ਚੇਤੰਨ ਸ਼ਰਮਾ ਸ਼ਾਮਲ ਸਨ। –
ਵਿਧਾਨ ਸਭਾ ‘ਚ ਹੰਗਾਮਾ ਕਰਨ ਦੇ ਮਾਮਲੇ ‘ਚ ਸੱਤ ਭਾਜਪਾ ਵਿਧਾਇਕਾਂ ਨੂੰ ਨੋਟਿਸ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ‘ਚ 28 ਫਰਵਰੀ ਨੂੰ ਬਜਟ ਸੈਸ਼ਨ ਦੌਰਾਨ ਹੰਗਾਮਾ ਕਰਨ ਦੇ ਦੋਸ਼ ਹੇਠ ਭਾਜਪਾ ਦੇ ਸੱਤ ਵਿਧਾਇਕਾਂ ਨੂੰ ਨੋਟਿਸ ਮਿਲੇ ਹਨ। ਇਹ ਜਾਣਕਾਰੀ ਵਿਰੋਧੀ ਧਿਰ ਦੇ ਆਗੂ ਜੈਰਾਮ ਰਮੇਸ਼ ਨੇ ਦਿੱਤੀ। ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਵਿਸ਼ੇਸ਼ ਅਧਿਕਾਰ ਸਮਿਤੀ ਕੋਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੇ ਵਿਧਾਇਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪਠਾਨੀਆ ਨੇ ਕਿਹਾ ਕਿ ਵਿਧਾਇਕ ਸਨਮਾਨਜਨਕ ਢੰਗ ਨਾਲ ਵਿਰੋਧ ਕਰ ਸਕਦੇ ਹਨ ਨਾਅਰੇ ਲਗਾ ਸਕਦੇ ਹਨ ਪਰ ਸਪੀਕਰ ਦੀ ਕੁਰਸੀ ‘ਤੇ ਕਾਗਜ਼ ਸੁੱਟਣ ਨੂੰ ਸਹਿਣ ਨਹੀਂ ਕੀਤਾ ਜਾਵੇਗਾ।