ਤਹਿਰਾਨ, 23 ਜੂਨ (ਪੰਜਾਬ ਮੇਲ)- ਈਰਾਨ ਦੀ ਸੰਸਦ ਨੇ ਆਪਣੇ ਤਿੰਨ ਪ੍ਰਮਾਣੂ ਸਥਾਨਾਂ ‘ਤੇ ਅਮਰੀਕੀ ਹਮਲਿਆਂ ਤੋਂ ਬਾਅਦ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਈਰਾਨ ਦੇ ਸਰਕਾਰੀ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਈਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਮੇਜਰ ਜਨਰਲ ਕੋਵਸਾਰੀ ਨੇ ਕਿਹਾ ਕਿ ਈਰਾਨ ਦੀ ਚੋਟੀ ਦੀ ਸੁਰੱਖਿਆ ਅਥਾਰਟੀ, ਸੁਪਰੀਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਲਈ ਇਸ ਫੈਸਲੇ ਨੂੰ ਅੰਤਿਮ ਰੂਪ ਦੇਣਾ ਜ਼ਰੂਰੀ ਹੈ।
ਇਹ ਇੱਕ ਤੰਗ ਪਾਣੀ ਵਾਲਾ ਰਸਤਾ ਹੈ, ਜੋ ਈਰਾਨ ਦੇ ਉੱਤਰੀ ਤੱਟ ਅਤੇ ਓਮਾਨ/ਯੂ.ਏ.ਈ. ਦੇ ਦੱਖਣ ਵਿਚ ਫ਼ਾਰਸ ਦੀ ਖਾੜੀ ਨੂੰ ਅਰਬ ਸਾਗਰ ਨਾਲ ਜੋੜਦਾ ਹੈ। ਇਸਦੀ ਲੰਬਾਈ ਲਗਭਗ 167 ਕਿਲੋਮੀਟਰ ਹੈ ਅਤੇ ਸਭ ਤੋਂ ਤੰਗ ਹਿੱਸੇ ‘ਤੇ ਇਹ ਸਿਰਫ 33 ਕਿਲੋਮੀਟਰ ਚੌੜਾ ਹੈ।
ਇਹ ਤੇਲ ਟੈਂਕਰਾਂ ਲਈ ਮੁੱਖ ਰਸਤਾ ਹੈ। ਦੁਨੀਆਂ ਦੇ ਕੱਚੇ ਤੇਲ ਦਾ ਲਗਭਗ 20-30% ਅਤੇ 1/3 ਐੱਲ.ਪੀ.ਜੀ. ਇੱਥੋਂ ਲੰਘਦਾ ਹੈ। ਓਪੇਕ ਦੇਸ਼ਾਂ (ਸਾਊਦੀ, ਯੂ.ਏ.ਈ., ਕੁਵੈਤ, ਈਰਾਨ, ਇਰਾਕ) ਲਈ, ਇਹ ਉਨ੍ਹਾਂ ਦਾ ਮੁੱਖ ਨਿਰਯਾਤ ਰਸਤਾ ਹੈ।
ਇਸ ਰਸਤੇ ਦੇ ਬੰਦ ਹੋ ਜਾਣ ਨਾਲ ਵਿਸ਼ਵ ਪੱਧਰ ‘ਤੇ ਕਾਫੀ ਵਿਆਪਕ ਪ੍ਰਭਾਵ ਪਵੇਗਾ, ਜਿਨ੍ਹਾਂ ਵਿਚ :
– ਤੇਲ ਸਪਲਾਈ ਵਿਚ ਗਿਰਾਵਟ – ਵਿਸ਼ਵ ਪੱਧਰ ‘ਤੇ ਵੱਡਾ ਸੰਕਟ।
– ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ – ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਹਿੰਗਾਈ।
– ਵਿਸ਼ਵਵਿਆਪੀ ਆਰਥਿਕ ਅਸਥਿਰਤਾ – ਵਪਾਰ ਅਤੇ ਉਦਯੋਗ ਪ੍ਰਭਾਵਿਤ ਹੋਣਗੇ।
ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਆਯਾਤਕ ਅਤੇ ਚੌਥਾ ਸਭ ਤੋਂ ਵੱਡਾ ਗੈਸ ਖਰੀਦਦਾਰ ਹੈ। ਇਸਦੇ ਜ਼ਿਆਦਾਤਰ ਸਰੋਤ ਰੂਟਾਂ ‘ਤੇ ਨਿਰਭਰ ਹਨ, ਜਿਨ੍ਹਾਂ ਵਿਚੋਂ ਹੋਰਮੁਜ਼ ਮਹੱਤਵਪੂਰਨ ਹੈ। ਨੇਤਾ ਹਰਦੀਪ ਸਿੰਘ ਪੁਰੀ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਕੋਲ ਵਿਭਿੰਨ ਸਪਲਾਈ ਹੈ ਅਤੇ 100% ਹੋਰਮੁਜ਼ ਤੋਂ ਨਹੀਂ ਆਉਂਦੀ। ਉਨ੍ਹਾਂ ਕਿਹਾ ਹੈ ਕਿ ਭਾਰਤ ਕੋਲ ਕਈ ਹਫ਼ਤਿਆਂ ਦਾ ਤੇਲ ਅਤੇ ਗੈਸ ਸਟਾਕ ਬਚਿਆ ਹੈ ਅਤੇ ਲੋੜ ਪੈਣ ‘ਤੇ ਵਿਕਲਪਿਕ ਰੂਟਾਂ ਤੋਂ ਸਪਲਾਈ ਕੀਤੀ ਜਾਵੇਗੀ।
ਯੂ.ਏ.ਈ. ਅਤੇ ਸਾਊਦੀ ਅਰਬ ਵਰਗੇ ਦੇਸ਼ ਪਾਈਪਲਾਈਨਾਂ ਰਾਹੀਂ ਹੋਰਮੁਜ਼ ਨੂੰ ਬਾਈਪਾਸ ਕਰਨਾ ਚਾਹੁੰਦੇ ਹਨ। ਅਮਰੀਕਾ ਅਨੁਸਾਰ, ਹੋਰਮੁਜ਼ ਨੂੰ ਬਾਈਪਾਸ ਕਰਕੇ ਯੂ.ਏ.ਈ. ਅਤੇ ਸਾਊਦੀ ਵਿਚ ਲਗਭਗ 2.6 ਮਿਲੀਅਨ ਬੈਰਲ/ਦਿਨ ਪਾਈਪਲਾਈਨ ਸਮਰੱਥਾ ਉਪਲਬਧ ਹੈ।
ਕਾਨੂੰਨੀ ਤੌਰ ‘ਤੇ ਈਰਾਨ ਜਲਡਮਰੂ ਨੂੰ ਨਹੀਂ ਰੋਕ ਸਕਦਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਨੂੰ ਅਮਰੀਕੀ ਜਲ ਸੈਨਾ ਅਤੇ ਗੱਠਜੋੜ ਦਾ ਸਾਹਮਣਾ ਕਰਨਾ ਪਵੇਗਾ। ਇਸ ਕਦਮ ਦਾ ਅਸਰ ਤਹਿਰਾਨ ‘ਤੇ ਪਵੇਗਾ, ਕਿਉਂਕਿ ਇਸਦਾ ਆਪਣਾ ਨਿਰਯਾਤ ਹੋਰਮੁਜ਼ ਜਲਡਮਰੂ ‘ਤੇ ਨਿਰਭਰ ਕਰਦਾ ਹੈ। ਈਰਾਨੀ ਤੇਲ ਦਾ ਇੱਕ ਵੱਡਾ ਖਰੀਦਦਾਰ ਚੀਨ ਇਸ ਤੋਂ ਨਾਰਾਜ਼ ਹੋਵੇਗਾ। ਚੀਨ ਪਹਿਲਾਂ ਇਸ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦਾ ਵਿਰੋਧ ਕਰ ਚੁੱਕਾ ਹੈ।
ਅਮਰੀਕੀ ਹਮਲੇ ਪਿੱਛੋਂ ਈਰਾਨ ਵੱਲੋਂ ਹੋਰਮੁਜ਼ ਸਟ੍ਰੇਟ ਨੂੰ ਬੰਦ ਕਰਨ ਦੀ ਮਨਜ਼ੂਰੀ!
