#AMERICA

ਅਮਰੀਕੀ ਸੰਸਦ ਵੱਲੋਂ ਬੰਗਲਾਦੇਸ਼ ‘ਤੇ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ: ਕਾਂਗਰਸੀ ਮੈਂਬਰ ਥਾਣੇਦਾਰ

ਵਾਸ਼ਿੰਗਟਨ, 14 ਦਸੰਬਰ (ਪੰਜਾਬ ਮੇਲ)- ਅਮਰੀਕੀ ਕਾਂਗਰਸ (ਸੰਸਦ) ਦੇ ਭਾਰਤੀ ਮੂਲ ਦੇ ਮੈਂਬਰ ਸ਼੍ਰੀ ਥਾਣੇਦਾਰ ਨੇ ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂਆਂ ‘ਤੇ ਹੋ ਰਹੇ ਹਮਲਿਆਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸੰਸਦ ਇਸ ਮਾਮਲੇ ‘ਤੇ ਕਾਰਵਾਈ ਕਰੇ। ਥਾਣੇਦਾਰ ਨੇ ਪਿਛਲੇ ਬੁੱਧਵਾਰ ਨੂੰ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਵਿਚ ਕਿਹਾ, ”ਬਹੁਗਿਣਤੀ ਭੀੜ ਨੇ ਹਿੰਦੂ ਮੰਦਰਾਂ, ਹਿੰਦੂ ਦੇਵੀ-ਦੇਵਤਿਆਂ ਅਤੇ ਸ਼ਾਂਤੀ ਨਾਲ ਆਪਣੇ ਧਰਮ ਦਾ ਪਾਲਣ ਕਰਨ ਵਾਲੇ ਹਿੰਦੂਆਂ ਨੂੰ ਬਰਬਾਦ ਕਰ ਦਿੱਤਾ ਹੈ।” ਉਨ੍ਹਾਂ ਕਿਹਾ, ਹੁਣ ਸਮਾਂ ਆ ਗਿਆ ਹੈ ਕਿ ਅਮਰੀਕੀ ਕਾਂਗਰਸ ਅਤੇ ਅਮਰੀਕੀ ਸਰਕਾਰ ਕਾਰਵਾਈ ਕਰੇ… ਸਾਨੂੰ ਸਾਡੇ ਕੋਲ ਮੌਜੂਦ ਹਰ ਸੰਭਵ ਉਪਾਅ ਦਾ ਇਸਤੇਮਾਲ ਇਹ ਯਕੀਨੀ ਬਣਾਉਣ ਲਈ ਕਰਨਾ ਹੋਵੇਗਾ ਕਿ ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਅਜਿਹੇ ਅੱਤਿਆਚਾਰ ਤੁਰੰਤ ਬੰਦ ਹੋ ਜਾਣ।”
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਤੋਂ ਹੀ ਥਾਣੇਦਾਰ ਦੱਖਣੀ ਏਸ਼ੀਆਈ ਦੇਸ਼ ‘ਚ ਹਿੰਦੂਆਂ ਖਿਲਾਫ ਕਥਿਤ ਹਿੰਸਾ ਦਾ ਮੁੱਦਾ ਲਗਾਤਾਰ ਉਠਾਉਂਦੇ ਆ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ, ‘1971 ‘ਚ ਜਦੋਂ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦੀ ਮਿਲੀ ਸੀ, ਉਦੋਂ ਤੋਂ ਕਈ ਵਾਰ ਘੱਟ ਗਿਣਤੀ ਹਿੰਦੂਆਂ ‘ਤੇ ਹਮਲੇ ਹੋਏ ਹਨ। ਹਾਲ ਹੀ ਵਿਚ, ਅਸੀਂ ਇੱਕ ਹਿੰਦੂ ਪੁਜਾਰੀ ਨੂੰ ਗ੍ਰਿਫਤਾਰ ਹੁੰਦੇ ਅਤੇ ਉਸਦੇ ਵਕੀਲ ਦਾ ਕਤਲ ਹੁੰਦੇ ਦੇਖਿਆ ਹੈ।’ ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਬੰਗਲਾਦੇਸ਼ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਅਮਰੀਕਾ ਦੇਸ਼ ਵਿਚ ਧਾਰਮਿਕ ਅਤੇ ਨਸਲੀ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਜਵਾਬਦੇਹ ਠਹਿਰਾਏਗਾ।