#AMERICA

ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੇ ਗਲੋਬਲ ਟੈਰਿਫਾਂ ਬਾਰੇ ਨਹੀਂ ਸੁਣਾਇਆ ਫੈਸਲਾ

-ਕਈ ਦੇਸ਼ਾਂ ‘ਤੇ ਲਾਏ ਗਏ ਟੈਰਿਫ ਸਬੰਧੀ ਅਗਲੀ ਮਿਤੀ ਵੀ ਨਹੀਂ ਐਲਾਨੀ
ਵਾਸ਼ਿੰਗਟਨ, 21 ਜਨਵਰੀ (ਪੰਜਾਬ ਮੇਲ)- ਅਮਰੀਕੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਤਿੰਨ ਫੈਸਲੇ ਜਾਰੀ ਕੀਤੇ ਪਰ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਲੋਬਲ ਟੈਰਿਫਾਂ ਬਾਰੇ ਕੋਈ ਫੈਸਲਾ ਨਹੀਂ ਕੀਤਾ, ਜਦਕਿ ਇਸ ਫੈਸਲੇ ‘ਤੇ ਦੁਨੀਆਂ ਭਰ ਦੇ ਮੁਲਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਅਦਾਲਤ ਨੇ ਇਸ ਸਬੰਧੀ ਕੋਈ ਅਗਲੀ ਤਰੀਕ ਵੀ ਨਹੀਂ ਐਲਾਨੀ ਤੇ ਨਾ ਹੀ ਦੱਸਿਆ ਕਿ ਇਸ ਬਾਰੇ ਕਦੋਂ ਫੈਸਲਾ ਕੀਤਾ ਜਾਵੇਗਾ। ਇਸ ਤੋਂ ਪਿਛਲੇ ਹਫਤੇ ਵੀ ਸੁਪਰੀਮ ਕੋਰਟ ਨੇ ਟਰੰਪ ਵਲੋਂ ਹੋਰ ਦੇਸ਼ਾਂ ‘ਤੇ ਲਾਏ ਟੈਕਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਸੀ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਇਕਤਰਫਾ ਟੈਰਿਫ਼ (ਟੈਕਸ) ਲਗਾਉਣ ਦੀ ਸ਼ਕਤੀ ਖ਼ਿਲਾਫ਼ ਫ਼ੈਸਲਾ ਸੁਣਾਇਆ, ਤਾਂ ਦੇਸ਼ ਲਈ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ।
ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਕਿਹਾ ਸੀ ਕਿ ਜੇਕਰ ਅਦਾਲਤ ਉਨ੍ਹਾਂ ਵੱਲੋਂ ਲਗਾਏ ਗਏ ਵਿਆਪਕ ਟੈਰਿਫ਼ਾਂ ਨੂੰ ਰੱਦ ਕਰ ਦਿੰਦੀ ਹੈ, ਤਾਂ ਅਮਰੀਕਾ ਬਹੁਤ ਬੁਰੀ ਤਰ੍ਹਾਂ ਫਸ ਜਾਵੇਗਾ। ਉਨ੍ਹਾਂ ਅਨੁਸਾਰ ਟੈਰਿਫ਼ ਰਾਹੀਂ ਇਕੱਠੇ ਕੀਤੇ ਗਏ ਭਾਰੀ ਫੰਡਾਂ ਨੂੰ ਵਾਪਸ ਕਰਨਾ ਸਰਕਾਰ ਲਈ ਬਹੁਤ ਔਖਾ ਹੋ ਜਾਵੇਗਾ ਅਤੇ ਇਹ ਦੇਸ਼ ਦੀ ਆਰਥਿਕਤਾ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦਾ ਹੈ। ਦੂਜੇ ਪਾਸੇ ਅਮਰੀਕਾ ਵਿਚ ਵੀ ਟਰੰਪ ਦੇ ਲਾਏ ਗਏ ਟੈਕਸਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ।