#AMERICA

ਅਮਰੀਕੀ ਸਰਕਾਰ ਵੱਲੋਂ ਪਾਰਕਾਂ-ਸ਼ਾਪਿੰਗ ਮਾਲਾਂ ‘ਚ ਘੁੰਮ ਰਹੇ ਲੋਕਾਂ ਨੂੰ ਫੜ ਕੇ ਕੀਤਾ ਜਾ ਰਿਹੈ ਡਿਪੋਰਟ!

ਅਮਰੀਕਾ ‘ਚ ਗੈਰ ਕਾਨੂੰਨੀ ਰਹਿ ਰਹੇ ਹਜ਼ਾਰਾਂ ਭਾਰਤੀਆਂ ਸਮੇਤ ਵੱਖ-ਵੱਖ ਦੇਸ਼ਾਂ ਦੇ ਲੋਕਾਂ ‘ਚ ਭਾਰੀ ਦਹਿਸ਼ਤ
ਵਾਸ਼ਿੰਗਟਨ, 18 ਨਵੰਬਰ (ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਜ਼ਬਰਦਸਤ ਜਿੱਤ ਹਾਸਲ ਕਰਕੇ ਜਨਵਰੀ ‘ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੇ ਡੋਨਾਲਡ ਟਰੰਪ ਦੀ ਹੋਣ ਵਾਲੀ ਤਾਜਪੋਸ਼ੀ ਨੂੰ ਲੈ ਕੇ ਅਮਰੀਕਾ ‘ਚ ਨਾਜਾਇਜ਼ ਤੌਰ ‘ਤੇ ਰਹਿ ਰਹੇ ਹਜ਼ਾਰਾਂ ਭਾਰਤੀਆਂ ਸਮੇਤ ਵੱਖ-ਵੱਖ ਦੇਸ਼ਾ ਦੇ ਲੋਕਾਂ ‘ਚ ਭਾਰੀ ਦਹਿਸ਼ਤ ਫੈਲ ਗਈ ਹੈ। ਉੱਥੇ ਹੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਦੇ 2 ਮਹੀਨੇ ਪਹਿਲਾਂ ਹੀ ਅਮਰੀਕੀ ਪੁਲਿਸ ਨੇ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਮਿਲ ਕੇ ਵੱਖ-ਵੱਖ ਸ਼ਹਿਰਾਂ ‘ਚ ਇਕ ਵੱਡੀ ਸਰਚ ਮੁਹਿੰਮ ਚਲਾਈ ਹੈ।
ਇਸ ਦੇ ਤਹਿਤ ਪਾਰਕਾਂ ਤੇ ਸ਼ਾਪਿੰਗ ਮਾਲ ਦੇ ਆਸ-ਪਾਸ ਦੇ ਖੇਤਰਾਂ ‘ਚ ਨਾਕਾਬੰਦੀ ਕਰ ਕੇ ਨਾਜਾਇਜ਼ ਤੌਰ ‘ਤੇ ਘੁੰਮਣ ਵਾਲੇ ਸੈਂਕੜਿਆਂ ਦੀ ਗਿਣਤੀ ‘ਚ ਅਪ੍ਰਵਾਸੀਆਂ ਨੂੰ ਫੜ ਕੇ ਜਿੱਥੇ ਡਿਟੈਕਸ਼ਨ ਸੈਂਟਰ ‘ਚ ਭੇਜਿਆ ਗਿਆ ਹੈ, ਉੱਥੇ ਹੀ ਇਨ੍ਹਾਂ ‘ਚੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਭਾਰਤ ਸਮੇਤ ਉਨ੍ਹਾਂ ਦੇ ਮੂਲ ਦੇਸ਼ਾਂ ‘ਚ ਭੇਜ ਦਿੱਤਾ ਗਿਆ ਹੈ। ਜਦਕਿ ਡੋਨਾਲਡ ਟਰੰਪ ਦੀ ਵਾਪਸੀ ਨੂੰ ਲੈ ਕੇ ਘਬਰਾਏ ਹਜ਼ਾਰਾਂ ਅਪ੍ਰਵਾਸੀਆਂ ਦੇ ਕੈਨੇਡਾ ‘ਚ ਦਾਖਲ ਹੋਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕੈਨੇਡਾ ਪੁਲਿਸ ਨੇ ਅਮਰੀਕਾ ਦੇ ਨਾਲ ਲੱਗਣ ਵਾਲੀਆਂ ਸਾਰੀਆਂ ਸਰਹੱਦਾਂ ‘ਤੇ ਸਖਤ ਸੁਰੱਖਿਆ ਵਿਵਸਥਾ ਨੂੰ ਅੰਜਾਮ ਦਿੰਦੇ ਨਾਜਾਇਜ਼ ਤੌਰ ‘ਤੇ ਕੈਨੇਡਾ ‘ਚ ਦਾਖਲ ਹੋਣ ਵਾਲੇ ਅਪ੍ਰਵਾਸੀਆਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਨੇ ਜ਼ਬਰਦਸਤ ਜਿੱਤ ਹਾਸਲ ਕਰਦੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਦਾ ਸੁਪਨਾ ਸਾਕਾਰ ਕਰ ਲਿਆ ਹੈ। ਉੱਥੇ ਹੀ ਨਾਜਾਇਜ਼ ਪ੍ਰਵਾਸ ਦੇ ਖਿਲਾਫ ਮੰਨੇ ਜਾਂਦੇ ਡੋਨਾਲਡ ਟਰੰਪ ਨੇ ਚੋਣਾਂ ਦੌਰਾਨ ਉਨ੍ਹਾਂ ਲੱਖਾਂ ਭਾਰਤੀਆਂ ਸਮੇਤ ਏਸ਼ੀਆ ਤੇ ਦੱਖਣੀ ਖੇਤਰਾਂ ਨਾਲ ਸਬੰਧਤ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦਾ ਐਲਾਨ ਕੀਤਾ ਸੀ, ਜੋ ਬਿਨਾਂ ਕਾਗਜ਼ਾ ਤੋਂ ਅਮਰੀਕਾ ‘ਚ ਰਹਿ ਰਹੇ ਸਨ।
ਦੱਸਿਆ ਜਾਂਦਾ ਹੈ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਅਮਰੀਕੀ ਪੁਲਿਸ ਨੇ ਸੈਂਕੜੇ ਭਾਰਤੀਆਂ ਤੇ ਏਸ਼ੀਆਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲ ਅਮਰੀਕਾ ‘ਚ ਰਹਿਣ ਲਈ ਕੋਈ ਦਸਤਾਵੇਜ਼ ਨਹੀਂ ਸਨ। ਇਨ੍ਹਾਂ ‘ਚ ਜ਼ਿਆਦਾਤਰ ਉਹ ਲੋਕ ਸ਼ਾਮਲ ਹਨ, ਜੋ ਸਿੱਧੇ ਤੌਰ ‘ਤੇ ਕੈਨੇਡਾ ਦੀ ਸਰਹੱਦ ਪਾਰ ਕਰ ਕੇ ਅਮਰੀਕਾ ਪਹੁੰਚੇ ਸਨ ਜਾਂ ਫਿਰ ਇਨ੍ਹਾਂ ‘ਚ ਅਜਿਹੇ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਮੈਕਸੀਕੋ ਦਾ ਬਾਰਡਰ ਪਾਰ ਕਰਕੇ ਸਿੱਧੇ ਤੌਰ ‘ਤੇ ਅਮਰੀਕੀ ਅਧਿਕਾਰੀਆਂ ਦੇ ਸਾਹਮਣੇ ਪੇਸ਼ ਨਾ ਹੋ ਕੇ ਅਮਰੀਕਾ ‘ਚ ਦਾਖਲ ਹੋ ਗਏ ਸਨ। ਇਨ੍ਹਾਂ ‘ਚੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਉਨ੍ਹਾਂ ਦੇ ਮੂਲ ਦੇਸ਼ਾਂ ਭਾਰਤ, ਪਾਕਿਸਤਾਨ, ਵੀਅਤਨਾਮ, ਮੈਕਸੀਕੋ ਤੇ ਗੁਆਟੇਮਾਲਾ ਆਦਿ ‘ਚ ਵਾਪਸ ਭੇਜਿਆ ਜਾ ਰਿਹਾ ਹੈ।
ਅਮਰੀਕਾ ‘ਚ ਰਹਿ ਰਹੇ ਅਜਿਹੇ ਲੱਖਾਂ ਨਾਜਾਇਜ਼ ਪ੍ਰਵਾਸੀਆਂ ‘ਚ ਭਾਰੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਨਾਜਾਇਜ਼ ਪ੍ਰਵਾਸੀ ਨੇ ਕੈਨੇਡਾ ਜਾਣ ਲਈ ਓਨਟਾਰੀਓ, ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਨਾਲ ਲੱਗਦੀਆਂ ਅਮਰੀਕੀ ਸਰਹੱਦਾਂ ‘ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ ਪਰ ਕੈਨੇਡਾ ਨੇ ਇਸ ਪੂਰੀ ਸਥਿਤੀ ਨੂੰ ਦੇਖਦੇ ਅਮਰੀਕੀ ਸਰਹੱਦਾਂ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ ਤੇ ਹੈਲੀਕਾਪਟਰ ਤੇ ਡਰੋਨ ਦੀ ਮਦਦ ਨਾਲ ਅਮਰੀਕਾ ‘ਚ ਆਉਣ ਵਾਲੇ ਅਜਿਹੇ ਨਾਜਾਇਜ਼ ਪ੍ਰਵਾਸੀਆਂ ‘ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ, ਜਿਸ ਕਾਰਨ ਪਹਿਲਾਂ ਤੋਂ ਹੀ ਲੱਖਾਂ-ਕਰੋੜਾਂ ਰੁਪਏ ਦੀ ਰਕਮ ਖਰਚ ਕਰ ਕੇ ਅਮਰੀਕਾ ਪਹੁੰਚੇ ਪ੍ਰਵਾਸੀ ਭਾਰਤੀਆਂ ਦੇ ਅਮਰੀਕਾ ਤੋਂ ਡਿਪੋਰਟ ਹੋਣ ਦਾ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ ਹੈ।