ਨਿਊਯਾਰਕ, 15 ਅਕਤੂਬਰ (ਪੰਜਾਬ ਮੇਲ)- ‘ਡਿਡੀ’ ਦੇ ਨਾਂ ਨਾਲ ਜਾਣੇ ਜਾਂਦੇ ਅਮਰੀਕੀ ਰੈਪਰ ਸੀਨ ਕੋਂਬਸ ਦੇ ਖਿਲਾਫ ਸੋਮਵਾਰ ਨੂੰ ਔਰਤਾਂ, ਮਰਦਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ 16 ਸਾਲਾ ਮੁੰਡੇ ਨਾਲ ਬਦਫੈਲੀ ਕਰਨ ਦੇ ਦੋਸ਼ਾਂ ਤਹਿਤ ਨਵੇਂ ਕੇਸ ਦਰਜ ਕੀਤੇ ਗਏ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਅਮਰੀਕੀ ਰੈਪਰ ‘ਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਾ ਹੈ। ਮੈਨਹਟਨ ਦੀ ਸੰਘੀ ਅਦਾਲਤ ਵਿਚ ਕੋਂਬਸ ਖਿਲਾਫ ਘੱਟੋ-ਘੱਟ 6 ਮੁਕੱਦਮੇ ਦਾਇਰ ਕੀਤੇ ਗਏ ਹਨ। ਹਾਲਾਂਕਿ ਉਸ ਨੇ ਸਾਰੇ ਮੁਕੱਦਮਿਆਂ ਤੋਂ ਇਨਕਾਰ ਕੀਤਾ ਹੈ। ਇਹ ਮੁਕੱਦਮੇ ਗੁੰਮਨਾਮ ਦਰਜ ਕੀਤੇ ਗਏ ਹਨ, ਤਾਂ ਜੋ ਮੁਲਜ਼ਮਾਂ ਦੀ ਪਛਾਣ ਲੁਕਾਈ ਜਾ ਸਕੇ।
ਇਨ੍ਹਾਂ ਵਿਚੋਂ ਦੋ ਔਰਤਾਂ ਨੂੰ ਜੇਨ ਡੂਜ਼ ਨਾਮ, ਜਦਕਿ 4 ਪੁਰਸ਼ ਮੁਲਜ਼ਮਾਂ ਨੂੰ ਜੌਨ ਡੂਜ਼ ਨਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੋਂਬਸ ਨੇ ਆਪਣੇ ਰੁਤਬੇ ਦਾ ਇਸਤੇਮਾਲ ਕਰਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ। ਕੁਝ ਨੇ ਦੋਸ਼ ਲਗਾਇਆ ਕਿ ਰੈਪਰ ਨੇ ਉਨ੍ਹਾਂ ‘ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਦਿੱਤਾ। ਕੁਝ ਹੋਰਾਂ ਨੇ ਦੋਸ਼ ਲਾਇਆ ਕਿ ਕੋਂਬਸ ਨੇ ਉਨ੍ਹਾਂ ਨੂੰ ਇਨਕਾਰ ਕਰਨ ਜਾਂ ਉਸਦੇ ਖਿਲਾਫ ਬੋਲਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਮੁਕੱਦਮਿਆਂ ਵਿਚ ਇਹ ਕਥਿਤ ਅਪਰਾਧ 90 ਦੇ ਦਹਾਕੇ ਦੇ ਅੱਧ ਵਿਚ ਹੋਏ ਦੱਸੇ ਗਏ ਹਨ। ਇਨ੍ਹਾਂ ਮੁਕੱਦਮਿਆਂ ਨਾਲ ਕੋਂਬਜ਼ ਦੀਆਂ ਮੁਸੀਬਤਾਂ ਹੋਰ ਵੱਧ ਗਈਆਂ ਹਨ, ਜੋ ਪਹਿਲਾਂ ਹੀ ਵੇਸਵਾਗਮਨੀ ਅਤੇ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਇਨ੍ਹਾਂ ਦੋਸ਼ਾਂ ਤਹਿਤ 16 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਮਰੀਕੀ ਰੈਪਰ ਸੀਨ ਕੋਂਬਸ ਖ਼ਿਲਾਫ਼ 6 ਲੋਕਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਕੇਸ ਦਰਜ
