#OTHERS

ਅਮਰੀਕੀ ਰਾਸ਼ਟਰਪਤੀ ਵੱਲੋਂ ਹੋਰਮੁਜ਼ ਜਲ ਮਾਰਗ ਖੁੱਲ੍ਹਵਾਉਣ ਦੀਆਂ ਅਪੀਲਾਂ ਨੂੰ ਨਹੀਂ ਪਿਆ ਬੂਰ

-ਜਪਾਨ ਤੇ ਆਸਟ੍ਰੇਲੀਆ ਸਮੇਤ ਹੋਰ ਮੁਲਕਾਂ ਵੱਲੋਂ ਜੰਗੀ ਬੇੜੇ ਭੇਜਣ ਤੋਂ ਇਨਕਾਰ
– ਚੀਨ ਵੱਲੋਂ ਜੰਗ ਫੌਰੀ ਰੋਕਣ ਦਾ ਸੱਦਾ
ਦੁਬਈ, 18 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੋਰਮੁਜ਼ ਜਲ ਮਾਰਗ ਖੁੱਲ੍ਹਵਾਉਣ ਲਈ ਕਰੀਬ ਸੱਤ ਮੁਲਕਾਂ ਨੂੰ ਉਥੇ ਆਪਣੇ ਜੰਗੀ ਬੇੜੇ ਭੇਜਣ ਲਈ ਤਰਲੇ ਕੀਤੇ ਹਨ ਪਰ ਉਨ੍ਹਾਂ ਦੀ ਅਪੀਲ ਨੂੰ ਹਾਲੇ ਤੱਕ ਬੂਰ ਨਹੀਂ ਪਿਆ ਹੈ। ਜਪਾਨ ਅਤੇ ਆਸਟ੍ਰੇਲੀਆ ਨੇ ਕਿਹਾ ਹੈ ਕਿ ਹੋਰਮੁਜ਼ ਜਲ ਖੇਤਰ ‘ਚ ਜੰਗੀ ਬੇੜੇ ਭੇਜਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ। ਉਧਰ, ਚੀਨ ਨੇ ਸਾਰੀਆਂ ਧਿਰਾਂ ਨੂੰ ਜੰਗ ਫੌਰੀ ਰੋਕਣ ਦਾ ਸੱਦਾ ਦਿੱਤਾ ਹੈ। ਚੀਨ ਵੱਲੋਂ ਵੀ ਕੋਈ ਬਾਂਹ-ਪੱਲਾ ਨਾ ਫੜਾਏ ਜਾਣ ਕਾਰਨ ਟਰੰਪ ਦਾ ਇਸੇ ਮਹੀਨੇ ਪੇਈਚਿੰਗ ਦੌਰਾ ਰੱਦ ਹੋ ਸਕਦਾ ਹੈ। ਉਂਝ, ਚੀਨ ਵੱਲੋਂ ਇਸ ਦੌਰੇ ਲਈ ਅਮਰੀਕਾ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਤੇਲ ਟੈਂਕਰਾਂ ਅਤੇ ਹੋਰ ਬੇੜਿਆਂ ਨੂੰ ਸੁਰੱਖਿਆ ਨਾ ਦੇਣ ਲਈ ਕਿਸੇ ਵੀ ਮੁਲਕ ਦੇ ਅੱਗੇ ਨਾ ਆਉਣ ਤੋਂ ਔਖੇ ਹੋਏ ਟਰੰਪ ਨੇ ਨਾਟੋ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਹੋਰਮੁਜ਼ ਜਲ ਮਾਰਗ ਸੁਰੱਖਿਅਤ ਕਰਨ ‘ਚ ਸਹਾਇਤਾ ਨਹੀਂ ਕਰਨਗੇ, ਤਾਂ ਉਨ੍ਹਾਂ ਨੂੰ ਭਵਿੱਖ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਮਗਰੋਂ ਇਰਾਨ ਨੇ ਰਣਨੀਤਿਕ ਤੌਰ ‘ਤੇ ਅਹਿਮ ਜਲ ਮਾਰਗ ਹੋਰਮੁਜ਼ ‘ਚੋਂ ਲੰਘਣ ਵਾਲੇ ਜਹਾਜ਼ਾਂ ‘ਤੇ ਹਮਲੇ ਸ਼ੁਰੂ ਕਰ ਦਿੱਤੇ ਸਨ, ਜਿਸ ਕਾਰਨ ਈਂਧਨ ਸਪਲਾਈ ‘ਤੇ ਮਾੜਾ ਅਸਰ ਪਿਆ ਹੈ। ਟਰੰਪ ਨੇ ਇਰਾਨ ਦੀ ਕਾਰਵਾਈ ਦੇ ਵਿਰੋਧ ਮਗਰੋਂ ਬੇੜਿਆਂ ਨੂੰ ਹੋਰਮੁਜ਼ ਜਲ ਮਾਰਗ ‘ਚ ਸੁਰੱਖਿਆ ਦੇਣ ਦਾ ਐਲਾਨ ਕੀਤਾ ਹੈ।