#AMERICA

ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀਆਂ ਦੀ ਬਦਮਾਸ਼ਾਂ ਵੱਲੋਂ ਹੈਤੀ ‘ਚ ਹੱਤਿਆ

* ਰਿਪਬਲੀਕਨ ਆਗੂ ਬੇਨ ਬੇਕਰ ਦੇ ਧੀ ਜਵਾਈ ਸੀ ਮਿਸ਼ਨਰੀ ਜੋੜਾ
ਸੈਕਰਾਮੈਂਟੋ, 28 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਮਿਸ਼ਨਰੀ ਜੋੜੇ ਸਮੇਤ 3 ਅਮਰੀਕੀ ਮਿਸ਼ਨਰੀਆਂ ਦੀ ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਵਿਖੇ ਹੱਤਿਆ ਕਰ ਦੇਣ ਦੀ ਖਬਰ ਹੈ। ਅਮਰੀਕੀ ਜੋੜੇ ਦੀ ਪਛਾਣ ਡੇਵੀ ਤੇ ਨਟਾਲੀ ਲੋਇਡ ਵਜੋਂ ਹੋਈ ਹੈ ਜੋ ਅਮਰੀਕੀ ਰਾਜ ਮਿਸੂਰੀ ਦੇ ਰਿਪਬਲੀਕਨ ਆਗੂ ਦੀ ਧੀ ਤੇ ਜਵਾਈ ਸਨ। ਇਹ ਜਾਣਕਾਰੀ ਨਟਾਲੀ ਲੋਇਡ ਦੇ ਪਿਤਾ ਰਿਪਬਲੀਕਨ ਆਗੂ ਬੇਨ ਬੇਕਰ ਨੇ ਆਪਣੀ ਫੇਸਬੁੱਕ ‘ਤੇ ਪਾਈ ਇਕ ਪੋਸਟ ਵਿਚ ਦਿੱਤੀ ਹੈ। ਬੇਨ ਬੇਕਰ ਨੇ ਕਿਹਾ ਹੈ ਕਿ  ਡੇਵੀ ਲਾਇਡ ਤੇ ਨਟਾਲੀ ਲਾਇਡ ਉਪਰ ਬਦਮਾਸ਼ਾਂ ਨੇ ਹਮਲਾ ਕੀਤਾ ਤੇ ਇਸ ਹਮਲੇ ਵਿਚ ਦੋਨਾਂ ਦੀ ਮੌਤ ਹੋ ਗਈ। ਉਸ ਨੇ ਕਿਹਾ ਹੈ ”ਉਸ ਦਾ ਦਿੱਲ ਟੁੱਟ ਗਿਆ ਹੈ ਤੇ ਉਸ ਨੇ ਕਦੀ ਵੀ ਏਨਾ ਦੁੱਖ ਮਹਿਸੂਸ ਨਹੀਂ ਕੀਤਾ”। ਉਸ ਨੇ ਕਿਹਾ ਹੈ ‘ਮੇਰੀ ਧੀ ਤੇ ਜਵਾਈ ਹੈਤੀ ਵਿਚ ਕੁਲਵਕਤੀ ਮਿਸ਼ਨਰੀ ਸਨ’। ਬੇਕਰ ਨਿਊਟੋਨ ਕਾਊਂਟੀ (ਡਿਸਟ੍ਰਿਕਟ 160) ਤੋਂ ਰਿਪਬਲੀਕਨ ਪ੍ਰਤੀਨਿੱਧ ਹਨ। ਇਸ ਹਮਲੇ ਵਿਚ ਮਿਸ਼ਨ ਦੇ ਡਾਇਰੈਕਟਰ ਜਿਊਡ ਮੋਨਟਿਸ (45) ਦੀ ਵੀ ਮੌਤ ਹੋ ਗਈ। ਇਹ ਤਿੰਨੇ ਹੈਤੀ ਇੰਕ ਵਿਚ ਮਿਸ਼ਨ ਤਹਿਤ ਕੰਮ ਕਰਦੇ ਸਨ, ਜਿਸ ਨੂੰ ਡੇਵੀ ਲਾਇਡ ਦੇ ਮਾਪਿਆਂ ਵੱਲੋਂ ਪਿਛਲੇ 2 ਦਹਾਕਿਆਂ ਦੇ ਵੀ ਵਧ ਸਮੇ ਤੋਂ ਚਲਾਇਆ ਜਾ ਰਿਹਾ ਹੈ। ਡੇਵੀ ਲਾਇਡ ਦੇ ਪਿਤਾ ਡੇਵਿਡ ਲਾਇਡ ਨੇ ਕਿਹਾ ਹੈ ਕਿ ਉਸ ਦੇ ਪੁੱਤਰ ਨੂੰ ਹੈਤੀ ਨਾਲ ਪਿਆਰ ਸੀ। ਉਨ੍ਹਾਂ ਕਿਹਾ ਕਿ ਉਹ ਤੇ ਨਟਾਲੀ ਲਾਇਡ (21) ਉਪਰ ਬੀਤੇ ਦਿਨੀਂ ਉਸ ਵੇਲੇ ਘਾਤ ਲਾ ਕੇ ਹਮਲਾ ਕੀਤਾ ਗਿਆ, ਜਦੋਂ ਉਹ ਪੋਰਟ-ਓ-ਪ੍ਰਿੰਸ ਵਿਚ ਚਰਚ ਵਿਚੋਂ ਨਿਕਲ ਰਹੇ ਸਨ। ਮਿਸ਼ਨ ਵੱਲੋਂ ਫੇਸਬੁੱਕ ‘ਤੇ ਪਾਈ ਇਕ ਪੋਸਟ ਅਨੁਸਾਰ ਹਮਲਾਵਰ ਡੇਵੀ ਲਾਇਡ ਨੂੰ ਅਗਵਾ ਕਰਕੇ ਇਕ ਘਰ ਵਿਚ ਲੈ ਗਏ, ਜਿਥੇ ਉਸ ਨੂੰ ਬੰਨ੍ਹ ਕੇ ਕੁੱਟਿਆ ਮਾਰਿਆ ਗਿਆ। ਉਪਰੰਤ ਹਮਲਾਵਰ ਮਿਸ਼ਨ ਦਾ ਸਮਾਨ ਨਾਲ ਭਰਿਆ ਟਰੱਕ ਲੈ ਕੇ ਉਥੋਂ ਚਲੇ ਗਏ। ਮਿਸ਼ਨ ਨੇ ਕਿਹਾ ਹੈ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਬੁਰੀ ਤਰਾਂ ਝੰਜੋੜ ਦਿੱਤਾ ਹੈ।