ਵਾਸ਼ਿੰਗਟਨ, 29 ਮਈ (ਪੰਜਾਬ ਮੇਲ)- ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਨੇ 28 ਮਈ 2026 ਨੂੰ ਅਮਰੀਕੀ ਬਾਰਡਰ ਪੈਟਰੋਲ ਦੀ 102ਵੀਂ ਵਰ੍ਹੇਗੰਢ ਮੌਕੇ ਏਜੰਸੀ ਦੇ ਇਤਿਹਾਸ, ਸੇਵਾਵਾਂ ਅਤੇ ਸਰਹੱਦੀ ਸੁਰੱਖਿਆ ਵਿਚ ਉਸਦੇ ਯੋਗਦਾਨ ਨੂੰ ਸਨਮਾਨਿਤ ਕੀਤਾ। ਬਾਰਡਰ ਪੈਟਰੋਲ ਦੀ ਸਥਾਪਨਾ 28 ਮਈ 1924 ਨੂੰ ਕੀਤੀ ਗਈ ਸੀ ਅਤੇ ਉਦੋਂ ਤੋਂ ਲੈ ਕੇ ਏਜੰਸੀ ਦੇ ਏਜੰਟ ਅਮਰੀਕਾ ਦੀਆਂ ਸਰਹੱਦਾਂ ਦੀ ਨਿਗਰਾਨੀ ਅਤੇ ਸੁਰੱਖਿਆ ਲਈ ਕੰਮ ਕਰ ਰਹੇ ਹਨ।
ਸੀ.ਬੀ.ਪੀ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪਿਛਲੇ 102 ਸਾਲਾਂ ਦੌਰਾਨ ਬਾਰਡਰ ਪੈਟਰੋਲ ਦੇ ਏਜੰਟਾਂ ਨੇ ਰੇਗਿਸਤਾਨਾਂ, ਪਹਾੜੀ ਇਲਾਕਿਆਂ, ਦਰਿਆਈ ਸਰਹੱਦਾਂ ਅਤੇ ਦੂਰ-ਦੁਰਾਡੇ ਖੇਤਰਾਂ ਵਿਚ ਸੇਵਾ ਨਿਭਾਉਂਦੇ ਹੋਏ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ।
ਬਿਆਨ ਵਿਚ ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਰਹੱਦੀ ਨੀਤੀਆਂ ਕਾਰਨ ਗੈਰ-ਕਾਨੂੰਨੀ ਸਰਹੱਦੀ ਦਾਖਲਿਆਂ ਅਤੇ ਗ੍ਰਿਫ਼ਤਾਰੀਆਂ ‘ਚ ਇਤਿਹਾਸਕ ਕਮੀ ਆਈ ਹੈ। ਪ੍ਰਸ਼ਾਸਨ ਅਨੁਸਾਰ ਦੱਖਣ-ਪੱਛਮੀ ਸਰਹੱਦ ‘ਤੇ ਰੋਜ਼ਾਨਾ ਗ੍ਰਿਫ਼ਤਾਰੀਆਂ ਦੀ ਔਸਤ 300 ਤੋਂ ਘੱਟ ਰਹਿ ਗਈ ਹੈ, ਜੋ ਕਿ ਬਾਇਡਨ ਪ੍ਰਸ਼ਾਸਨ ਦੇ ਮੁਕਾਬਲੇ 95 ਫੀਸਦੀ ਘੱਟ ਦੱਸੀ ਗਈ ਹੈ। ਇਸ ਤੋਂ ਇਲਾਵਾ ਅਪ੍ਰੈਲ ਮਹੀਨੇ ਦੌਰਾਨ ਲਗਾਤਾਰ 12ਵੇਂ ਮਹੀਨੇ ਵੀ ਅੰਦਰੂਨੀ ਅਮਰੀਕਾ ਵਿਚ ਕਿਸੇ ਗੈਰ-ਕਾਨੂੰਨੀ ਪ੍ਰਵਾਸੀ ਨੂੰ ਰਿਹਾਅ ਨਾ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਸਕੱਤਰ ਮਾਰਕਵੇਨ ਮੁਲਿਨ ਨੇ ਕਿਹਾ ਕਿ ਬਾਰਡਰ ਪੈਟਰੋਲ ਦੇ ਏਜੰਟ ਪਿਛਲੇ 102 ਸਾਲਾਂ ਤੋਂ ਦੇਸ਼ ਅਤੇ ਸਰਹੱਦਾਂ ਨੂੰ ਖਤਰਨਾਂ ਤੋਂ ਬਚਾਉਣ ਲਈ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਏਜੰਟਾਂ ਦੀ ਕੁਰਬਾਨੀ ਅਤੇ ਵਚਨਬੱਧਤਾ ਕਾਰਨ ਅਮਰੀਕਾ ਅੱਜ ਵਧੇਰੇ ਸੁਰੱਖਿਅਤ ਅਤੇ ਮਜ਼ਬੂਤ ਹੈ।
ਸੀ.ਬੀ.ਪੀ. ਕਮਿਸ਼ਨਰ ਰੌਡਨੀ ਐੱਸ. ਸਕਾਟ ਨੇ ਕਿਹਾ ਕਿ ਬਾਰਡਰ ਪੈਟਰੋਲ ਦਾ ਮੁੱਖ ਮਿਸ਼ਨ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਹੈ, ਜੋ ਅੱਜ ਵੀ ਬਦਲਿਆ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਏਜੰਟਾਂ ਨੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਸਰਹੱਦੀ ਸੰਕਟ ਦਾ ਸਾਹਮਣਾ ਕਰਕੇ ਸਥਿਤੀ ਨੂੰ ਕਾਬੂ ਵਿਚ ਲਿਆ।
ਸੀ.ਬੀ.ਪੀ. ਨੇ ਕਿਹਾ ਕਿ ਬਾਰਡਰ ਪੈਟਰੋਲ ਦੇ ਏਜੰਟ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ, ਅਪਰਾਧਿਕ ਗਿਰੋਹਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਦੇਸ਼ ਭਰ ਦੀਆਂ ਕਮਿਊਨਿਟੀਆਂ ਦੀ ਸੁਰੱਖਿਆ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ।
102ਵੀਂ ਵਰ੍ਹੇਗੰਢ ਮੌਕੇ ਸੀ.ਬੀ.ਪੀ. ਨੇ ਬਾਰਡਰ ਪੈਟਰੋਲ ਦੇ ਮੌਜੂਦਾ ਅਤੇ ਸਾਬਕਾ ਏਜੰਟਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਹਾਇਕ ਸਟਾਫ਼ ਦੀ ਸੇਵਾ ਅਤੇ ਕੁਰਬਾਨੀਆਂ ਨੂੰ ਸਲਾਮ ਕੀਤਾ।
ਅਮਰੀਕੀ ਬਾਰਡਰ ਪੈਟਰੋਲ ਨੇ ਮਨਾਈ 102ਵੀਂ ਵਰ੍ਹੇਗੰਢ, ਟਰੰਪ ਪ੍ਰਸ਼ਾਸਨ ਵੱਲੋਂ ਏਜੰਸੀ ਦੀ ਪ੍ਰਸ਼ੰਸਾ

