#AMERICA

ਅਮਰੀਕੀ ਪਾਸਪੋਰਟ ਦਰਜਾਬੰਦੀ ‘ਚ 10ਵੇਂ ਸਥਾਨ ‘ਤੇ ਖਿਸਕਿਆ

ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ)- ਅਮਰੀਕੀ ਪਾਸਪੋਰਟ, ਜੋ ਕਦੇ ਦੁਨੀਆਂ ‘ਚ ਸਭ ਤੋਂ ਸ਼ਕਤੀਸ਼ਾਲੀ ਦਰਜਾ ਪ੍ਰਾਪਤ ਸੀ, ਹੁਣ ਪਾਸਪੋਰਟ ਦਰਜਾਬੰਦੀ ‘ਚ 10ਵੇਂ ਸਥਾਨ ‘ਤੇ ਖਿਸਕ ਗਿਆ ਹੈ। ਇਹ ਹੁਣ ਤੱਕ ਦਾ ਸਭ ਤੋਂ ਨੀਵਾਂ ਸਥਾਨ ਹੈ। ਇਕ ਤਾਜ਼ਾ ਸਰਵੇਖਣ ਨੇ ਅਮਰੀਕਾ ਨੂੰ ਵਿਸ਼ਵ ਪਾਸਪੋਰਟ ਰੈਂਕਿੰਗ ‘ਚ ਆਈਸਲੈਂਡ ਅਤੇ ਲਿਥੁਆਨੀਆ ਨਾਲ 10ਵੇਂ ਸਥਾਨ ‘ਤੇ ਲਿਆ ਖੜ੍ਹਾ ਕੀਤਾ ਹੈ, ਜੋ ਕਿ 20 ਸਾਲ ਪਹਿਲਾਂ ਸੂਚਕਾਂਕ ਦੀ ਸਿਰਜਣਾ ਤੋਂ ਬਾਅਦ ਆਪਣਾ ਸਭ ਤੋਂ ਹੇਠਲਾ ਸਥਾਨ ਕਿਹਾ ਜਾ ਸਕਦਾ ਹੈ। ਇਕ ਦਹਾਕੇ ‘ਚ ਪਹਿਲੇ ਸਥਾਨ ਤੋਂ ਦਸਵੇਂ ਨੰਬਰ ਤੱਕ ਖਿਸਕਣਾ ਹੈਰਾਨੀਜਨਕ ਹੀ ਨਹੀਂ, ਸਗੋਂ 2014 ਤੋਂ ਬਾਅਦ ਦੀ ਇਹ ਗਿਰਾਵਟ ਟਰੰਪ ਪ੍ਰਸਾਸ਼ਨ ਦੀਆਂ ਨੀਤੀਆਂ ਨਾਲ ਹੋਰ ਵੀ ਹੇਠਾਂ ਜਾ ਸਕਦੀ ਹੈ। ਅਮਰੀਕੀ 182 ਸਥਾਨਾਂ ‘ਤੇ ਵੀਜ਼ਾ-ਮੁਕਤ ਯਾਤਰਾ ਕਰ ਸਕਦੇ ਹਨ।
2025 ਦੇ ਹੈਨਲੀ ਪਾਸਪੋਰਟ ਸੂਚਕਾਂਕ ਸਰਵੇਖਣ ਨੇ ਇਕ ਦਹਾਕੇ ਦੀ ਗਿਰਾਵਟ ਤੋਂ ਬਾਅਦ, ਪਿਛਲੇ ਸਾਲ ਨਾਲੋਂ ਅਮਰੀਕਾ ਦੀ ਰੇਟਿੰਗ ਤਿੰਨ ਸਥਾਨ ਹੇਠਾਂ ਕਰ ਦਿੱਤੀ ਹੈ। ਪਰ ਇਸ ਦੇ ਬਾਵਜੂਦ ਗ੍ਰਹਿ ਵਿਭਾਗ ਨੇ ਕਿਹਾ ਹੈ ਕਿ ਉਹ ਅਜੇ ਵੀ ਅਮਰੀਕੀ ਪਾਸਪੋਰਟ ਦੀ ਤਾਕਤ ਤੇ ਵਿਸ਼ਵਵਿਆਪੀ ਪਹੁੰਚ ਬਾਰੇ ਮੁਕੰਮਲ ਭਰੋਸਾ ਰੱਖਦਾ ਹੈ। ਅਸਲ ਵਿਚ ਰੈਂਕਿੰਗ ‘ਚ ਗਿਰਾਵਟ ਗਲੋਬਲ ਗਤੀਸ਼ੀਲਤਾ ਦੇ ਰੁਝਾਨਾਂ ‘ਚ ਬਦਲਾਅ ਨੂੰ ਉਜਾਗਰ ਕਰਦੀ ਹੈ ਤੇ ਅੰਤਰਰਾਸ਼ਟਰੀ ਸੰਬੰਧਾਂ ਅਤੇ ਸਰਹੱਦੀ ਨੀਤੀਆਂ ਪ੍ਰਤੀ ਅਮਰੀਕਾ ਦੀ ਪਹੁੰਚ ਬਾਰੇ ਚਿੰਤਾਵਾਂ ਨੂੰ ਦਰਸਾਉਂਦੀ ਹੈ, ਜੋ ਅਮਰੀਕੀ ਯਾਤਰੀਆਂ ਤੇ ਦੇਸ਼ ਦੇ ਵਿਸ਼ਵਵਿਆਪੀ ਪ੍ਰਭਾਵ ਦੋਵਾਂ ਨੂੰ ਪ੍ਰਭਾਵਤ ਕਰਦੀ ਹੈ। ਹੈਨਲੀ ਐਂਡ ਪਾਰਟਨਰਜ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਮਰੀਕਾ 2014 ‘ਚ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਸੀ।