#AMERICA

ਅਮਰੀਕੀ ਨਿਆਂ ਮੰਤਰਾਲੇ ਨੇ ਅਧੂਰੇ ਦਸਤਾਵੇਜ਼ਾਂ ਨਾਲ ਨਸ਼ਰ ਕੀਤੀਆਂ ਐਪਸਟੀਨ ਫਾਈਲਾਂ

-ਦਸਤਾਵੇਜ਼ਾਂ ਦਾ ਖ਼ੁਲਾਸਾ ਅਧੂਰਾ : ਅਮਰੀਕੀ ਨਿਆਂ ਮੰਤਰਾਲਾ
ਵਾਸ਼ਿੰਗਟਨ, 22 ਦਸੰਬਰ (ਪੰਜਾਬ ਮੇਲ)- ਦੁਨੀਆ ਦੀਆਂ ਨਾਮੀ ਹਸਤੀਆਂ ਨਾਲ ਜੁੜੀਆਂ ਹਜ਼ਾਰਾਂ ਐਪਸਟੀਨ ਫਾਈਲਾਂ ਅਮਰੀਕੀ ਨਿਆਂ ਮੰਤਰਾਲੇ ਨੇ ਨਸ਼ਰ ਕੀਤੀਆਂ ਹਨ ਪਰ ਅਧੂਰੇ ਦਸਤਾਵੇਜ਼ਾਂ ਕਾਰਨ ਜਿਨਸੀ ਸ਼ੋਸ਼ਣ ਦੇ ਦੋਸ਼ੀ ਜੈਫਰੀ ਐਪਸਟੀਨ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਕੋਈ ਵੱਡੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਾਈਲਾਂ ‘ਚ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਕੁਝ ਹੀ ਤਸਵੀਰਾਂ ਸ਼ਾਮਲ ਹਨ, ਜਿਸ ਨਾਲ ਵ੍ਹਾਈਟ ਹਾਊਸ ਨੂੰ ਰਾਹਤ ਮਿਲੀ ਹੈ। ਇਨ੍ਹਾਂ ‘ਚ ਉਨ੍ਹਾਂ ਦੀ ਐਪਸਟੀਨ ਅਤੇ ਮੇਲਾਨੀਆ ਨਾਲ ਤਸਵੀਰ ਵੀ ਸ਼ਾਮਲ ਹੈ। ਨਸ਼ਰ ਕੀਤੇ ਗਏ ਦਸਤਾਵੇਜ਼ਾਂ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਪੌਪ ਸਟਾਰ ਮਾਈਕਲ ਜੈਕਸਨ, ਬਰਤਾਨਵੀ ਸਮਾਜ ਸੁਧਾਰਕ ਗ਼ਿਸਲੇਨ ਮੈਕਸਵੈੱਲ ਅਤੇ ਹੋਰਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਸ਼ਾਮਲ ਹਨ, ਜੋ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ। ਦਸਤਾਵੇਜ਼ਾਂ ‘ਚ ਕਲਿੰਟਨ ਦੀ ਇਕ ਧੁੰਦਲੀ ਤਸਵੀਰ ਵੀ ਸ਼ਾਮਲ ਹੈ, ਜਿਸ ‘ਚ ਉਹ ‘ਬਾਥ ਟਬ’ ‘ਚ ਨਜ਼ਰ ਆ ਰਹੇ ਹਨ।
ਨਵੇਂ ਖ਼ੁਲਾਸਿਆਂ ਨੂੰ ਲੈ ਕੇ ਜ਼ਿਆਦਾਤਰ ਸਿਆਸੀ ਧਿਰਾਂ ਵੰਡੀਆਂ ਹੋਈਆਂ ਹਨ। ਡੈਮੋਕਰੈਟਿਕ ਅਤੇ ਰਿਪਬਲਿਕਨ ਪਾਰਟੀ ਦੇ ਕੁਝ ਆਗੂਆਂ ਨੇ ਸੀਮਤ ਦਸਤਾਵੇਜ਼ ਜਾਰੀ ਕਰਨ ‘ਤੇ ਨਿਆਂ ਮੰਤਰਾਲੇ ਉਪਰ ਐਪਸਟੀਨ ਸਬੰਧੀ ਫਾਈਲਾਂ ਨੂੰ ਪੇਸ਼ ਕਰਨ ਲਈ ਸੰਸਦ ਵੱਲੋਂ ਨਿਰਧਾਰਤ ਸਮਾਂ ਹੱਦ ਪੂਰਾ ਨਾ ਕਰਨ ਦਾ ਦੋਸ਼ ਲਾਇਆ। ਨਿਆਂ ਮੰਤਰਾਲੇ ਨੇ ਮੰਨਿਆ ਕਿ ਦਸਤਾਵੇਜ਼ਾਂ ਦਾ ਖ਼ੁਲਾਸਾ ਅਧੂਰਾ ਹੈ।
ਐਪਸਟੀਨ ਫਾਈਲਾਂ ਵਿਚ ‘ਮਸਾਜ ਤਕਨੀਕਾਂ’ ਅਤੇ ਭਾਰਤ ਦੇ ਆਯੂਰਵੈਦ ਦਾ ਹਵਾਲਾ ਦਿੱਤਾ ਗਿਆ ਹੈ। ਇਕ ਫਾਈਲ ‘ਚ ਸਰੀਰ ਦੀ ਸਫਾਈ ਲਈ ਮਸਾਜ ਅਤੇ ਆਯੂਰਵੈਦ ਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ, ”ਪੱਛਮ ਵਿਚ ਬਹੁਤ ਸਾਰੇ ਪ੍ਰੈਕਟੀਸ਼ਨਰ ਹੁਣ ਭਾਰਤ ਦੀ 5,000 ਸਾਲ ਪੁਰਾਣੀ ਕੁਦਰਤੀ ਇਲਾਜ ਪ੍ਰਣਾਲੀ ‘ਤੇ ਆਧਾਰਿਤ ਮਸਾਜ ਅਤੇ ਹੋਰ ਇਲਾਜਾਂ ਦੀ ਪੇਸ਼ਕਸ਼ ਕਰ ਰਹੇ ਹਨ।” ਇਸ ਵਿਚ ਮਸਾਜ ਕਰਨ ਦੀ ਕਲਾ ਸਿਰਲੇਖ ਹੇਠ ਲੇਖ ਵੀ ਹਨ, ਜਿਸ ਵਿਚ ਡੀਟੌਕਸੀਫਿਕੇਸ਼ਨ ਲਈ ਤਿਲਾਂ ਦੇ ਤੇਲ ਦੀ ਵਰਤੋਂ ਦਾ ਜ਼ਿਕਰ ਕੀਤਾ ਗਿਆ ਹੈ।