#AMERICA

ਅਮਰੀਕੀ ਨਾਗਰਿਕਤਾ ਖੋਹਣਾ ਚਾਹੁੰਦੇ ਹਨ ਰਾਸ਼ਟਰਪਤੀ ਟਰੰਪ!

ਵਾਸ਼ਿੰਗਟਨ ਡੀ.ਸੀ., 17 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਥੋਂ ਗੈਰ ਕਾਨੂੰਨੀ ਲੋਕਾਂ ਨੂੰ ਬਾਹਰ ਦਾ ਰਾਹ ਦਿਖਾਉਣ ਲਈ ਅਕਸਰ ਹੀ ਕੋਈ ਨਾ ਕੋਈ ਨਵੇਂ ਐਲਾਨ ਕਰਦੇ ਰਹੇ ਹਨ। ਖਾਸ ਕਰਕੇ 20 ਜਨਵਰੀ ਤੋਂ ਬਾਅਦ ਅਮਰੀਕੀ ‘ਚ ਗੈਰ ਕਾਨੂੰਨੀ ਰਹਿ ਰਹੇ ਲੋਕਾਂ ਖਿਲਾਫ ਆਦੇਸ਼ ਦਿੱਤੇ ਹਨ। ਹੁਣ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਅਧਿਕਾਰ ਵਿਚ ਹੁੰਦਾ, ਤਾਂ ਉਹ ਅਪਰਾਧੀ ਕਿਸਮ ਦੇ ਲੋਕਾਂ ਦੀ ਨੈਚੁਰਲਾਇਜ਼ਡ ਅਮਰੀਕੀ ਨਾਗਰਿਕਤਾ ਨੂੰ ਖਤਮ ਕਰ ਦਿੰਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕੁੱਝ ਦੇਸ਼ਾਂ ਦੇ ਲੋਕਾਂ ਨੂੰ ਸ਼ਰਣ ਦੇਣ ਦੇ ਕਾਨੂੰਨ ਨੂੰ ਵੀ ਰੋਕਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਅਪਰਾਧੀ ਕਿਸਮ ਦੇ ਲੋਕਾਂ ਦੀ ਘੁਸਪੈਠ ਹੋ ਚੁੱਕੀ ਹੈ, ਜੋ ਕਿ ਸਾਡੇ ਲਈ ਖਤਰਨਾਕ ਹਨ। ਅਜਿਹੇ ਲੋਕਾਂ ਨੂੰ ਅਮਰੀਕਾ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਅਮਰੀਕੀ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਿਰਧਾਰਿਤ ਕਰਨ ਕਿ ਰਾਸ਼ਟਰਪਤੀ ਕੋਲ ਅਜਿਹੇ ਲੋਕਾਂ ਦੀ ਨਾਗਰਿਕਤਾ ਖਤਮ ਕਰਨ ਦਾ ਕਾਨੂੰਨੀ ਅਧਿਕਾਰ ਹੋਣਾ ਚਾਹੀਦਾ ਹੈ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਬਹੁਤ ਸਾਰੇ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਹੈ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਵੀ ਬਹੁਤ ਕੰਮ ਹੋਣ ਵਾਲਾ ਹੈ।
ਉਥੇ ਹੀ ਵਿਰੋਧੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਵੱਲੋਂ ਅਜਿਹਾ ਬਿਆਨ ਦੇਣਾ ਪ੍ਰਵਾਸੀ ਭਾਈਚਾਰਿਆਂ ਨਾਲ ਤਣਾਅ ਨੂੰ ਵਧਾ ਸਕਦਾ ਹੈ।