ਓਹਾਇਓ, 7 ਜਨਵਰੀ (ਪੰਜਾਬ ਮੇਲ)-ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੇ ਘਰ ‘ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਦੌਰਾਨ ਪੱਥਰਾਂ ਨਾਲ ਉਨ੍ਹਾਂ ਦੇ ਘਰ ਦੀਆਂ ਖਿੜਕੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਇਹ ਘਟਨਾ ਸਿਨਸਿਨਾਟੀ ਦੇ ਈਸਟ ਵਾਲਨਟ ਹਿਲਜ਼ ਇਲਾਕੇ ਵਿਚ ਸਥਿਤ ਜੇ.ਡੀ. ਵੈਂਸ ਦੇ ਨਿਵਾਸ ‘ਤੇ ਵਾਪਰੀ, ਜੋ ਵਿਲੀਅਮ ਹਾਵਰਡ ਟਾਫ਼ਟ ਡਰਾਈਵ ‘ਤੇ ਹੈ। ਸਥਾਨਕ ਸਮੇਂ ਮੁਤਾਬਕ, ਰਾਤ ਕਰੀਬ 12:15 ਵਜੇ ਯੂ.ਐੱਸ. ਸੀਕ੍ਰੇਟ ਸਰਵਿਸ ਨੇ ਹਮਲੇ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਸਿਨਸਿਨਾਟੀ ਪੁਲਿਸ ਡਿਸਪੈਚਰ ਨੇ ਦੱਸਿਆ ਕਿ ਸੀਕ੍ਰੇਟ ਸਰਵਿਸ ਨੇ ਇੱਕ ਵਿਅਕਤੀ ਨੂੰ ”ਪੂਰਬੀ ਦਿਸ਼ਾ ਵੱਲ ਭੱਜਦਾ ਹੋਇਆ” ਦੇਖਿਆ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਹਾਲਾਂਕਿ, ਘਟਨਾ ਦੇ ਸਮੇਂ ਉਪ-ਰਾਸ਼ਟਰਪਤੀ ਵੈਂਸ ਅਤੇ ਉਨ੍ਹਾਂ ਦਾ ਪਰਿਵਾਰ ਘਰ ਵਿਚ ਮੌਜੂਦ ਨਹੀਂ ਸੀ। ਅਧਿਕਾਰੀਆਂ ਦੀ ਸ਼ੁਰੂਆਤੀ ਜਾਂਚ ਮੁਤਾਬਕ ਕੋਈ ਵੀ ਵਿਅਕਤੀ ਘਰ ਦੇ ਅੰਦਰ ਦਾਖਲ ਹੋਣ ਵਿਚ ਸਫਲ ਨਹੀਂ ਹੋ ਸਕਿਆ।
ਇਸ ਹਮਲੇ ‘ਤੇ ਉਪ ਰਾਸ਼ਟਰਪਤੀ ਜੇਡੀ ਵੈਂਸ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਐਕਸ ‘ਤੇ ਲਿਖਿਆ ”ਸਾਡੇ ਘਰ ‘ਤੇ ਹੋਏ ਹਮਲੇ ਬਾਰੇ ਸਾਰਿਆ ਦੀਆਂ ਅਰਦਾਸਾਂ ਲਈ ਮੈਂ ਧੰਨਵਾਦੀ ਹਾਂ। ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਹੈ, ਇੱਕ ਸਿਰਫਿਰੇ ਵਿਅਕਤੀ ਨੇ ਹਥੌੜੇ ਨਾਲ ਖਿੜਕੀਆਂ ਭੰਨ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਸੀਕ੍ਰੇਟ ਸਰਵਿਸ ਅਤੇ ਸਿਨਸਿਨਾਟੀ ਪੁਲਿਸ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ। ਅਸੀਂ ਘਰ ਨਹੀਂ ਸੀ ਕਿਉਂਕਿ ਅਸੀਂ ਪਹਿਲਾਂ ਹੀ ਵਾਸ਼ਿੰਗਟਨ ਡੀ.ਸੀ. ਵਾਪਸ ਆ ਚੁੱਕੇ ਸੀ।”
ਨਾਲ ਹੀ ਉਨ੍ਹਾਂ ਲਿਖਿਆ, ”ਮੀਡੀਆ ਨੂੰ ਇੱਕ ਬੇਨਤੀ ਹੈ: ਅਸੀਂ ਆਪਣੇ ਬੱਚਿਆਂ ਨੂੰ ਜਨਤਕ ਸੇਵਾ ਦੇ ਇਸ ਜੀਵਨ ਦੀਆਂ ਹਕੀਕਤਾਂ ਤੋਂ ਜਿੰਨਾ ਹੋ ਸਕੇ, ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ, ਮੈਨੂੰ ਸਾਡੇ ਘਰ ਦੀਆਂ ਟੁੱਟੀਆਂ ਹੋਈਆਂ ਖਿੜਕੀਆਂ ਦੀਆਂ ਤਸਵੀਰਾਂ ਨੂੰ ਵਾਰ-ਵਾਰ ਦਿਖਾਉਣ ਵਿਚ ਕੋਈ ਖਾਸ ਖ਼ਬਰ ਜਾਂ ਮਹੱਤਵ ਨਜ਼ਰ ਨਹੀਂ ਆਉਂਦਾ।”
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਪਹਿਲਾਂ ਹੀ ਨਵੇਂ ਸਾਲ ਦੇ ਮੌਕੇ ‘ਤੇ ਇਲਾਕੇ ਵਿਚ ਸੁਰੱਖਿਆ ਵਧਾਈ ਗਈ ਸੀ ਅਤੇ ਵੈਂਸ ਦੇ ਘਰ ਦੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਚੈੱਕ ਪੁਆਇੰਟ ਬਣਾਏ ਗਏ ਸਨ ਪਰ ਸਖ਼ਤ ਸੁਰੱਖਿਆ ਦੇ ਬਾਵਜੂਦ ਇਹ ਘਟਨਾ ਪ੍ਰਸ਼ਾਸਨ ਦੇ ਸਕਿਓਰਿਟੀ ਸਿਸਟਮ ‘ਤੇ ਵੱਡੇ ਸਵਾਲ ਖੜ੍ਹੇ ਕਰਦੇ ਹਨ।
ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਦੇ ਓਹਾਇਓ ਸਥਿਤ ਨਿਵਾਸ ‘ਤੇ ਹਮਲਾ; ਸ਼ੱਕੀ ਵਿਅਕਤੀ ਗ੍ਰਿਫਤਾਰ

