-ਮਾਹਿਰਾਂ ਦੇ ਪੈਨਲ ਦੁਆਰਾ 154 ਵਿਦਵਾਨਾਂ ਦਾ ਸਰਵੇਖਣ
ਵਾਸ਼ਿੰਗਟਨ, 21 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਮਾਹਿਰਾਂ ਦੇ ਇੱਕ ਪੈਨਲ ਦੁਆਰਾ 154 ਵਿਦਵਾਨਾਂ ਦਾ ਸਰਵੇਖਣ ਕੀਤਾ ਗਿਆ, ਜਿਸ ਵਿਚ ਡੋਨਾਲਡ ਟਰੰਪ ਦੀ ਅਮਰੀਕੀ ਇਤਿਹਾਸ ਦੇ ਸਭ ਤੋਂ ਖਰਾਬ ਰਾਸ਼ਟਰਪਤੀ ਵਜੋਂ ਦਰਜਾਬੰਦੀ ਹੋਈ ਹੈ। ਜਦੋਂ ਇਸ ਸਾਲ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਵਿਚ ਕੁਝ ਮਹੀਨੇ ਹੀ ਰਹਿ ਗਏ ਹਨ, ਹੁਣ ਇਕ ਹੈਰਾਨ ਕਰਨ ਵਾਲਾ ਸਰਵੇਖਣ ਸਾਹਮਣੇ ਆਇਆ ਹੈ, ਜਿਸ ਵਿਚ ਡੋਨਾਲਡ ਟਰੰਪ ਨੂੰ ਸਭ ਤੋਂ ਖਰਾਬ ਰਾਸ਼ਟਰਪਤੀ ਕਿਹਾ ਗਿਆ ਹੈ। ਅਮਰੀਕਾ ਦੇ 45 ਰਾਸ਼ਟਰਪਤੀ ਮੌਜੂਦਾ ਰਾਸ਼ਟਰਪਤੀ ਬਾਇਡਨ ਇਸ ਸੂਚੀ ਵਿਚ 14ਵੇਂ ਸਥਾਨ ‘ਤੇ ਦਰਜ ਹਨ।
ਅਮਰੀਕਾ ‘ਚ ਇਸ ਸਾਲ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਇਹ ਤੈਅ ਹੋ ਜਾਵੇਗਾ ਕਿ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਦਾ ਰਾਸ਼ਟਰਪਤੀ ਕੌਣ ਬਣੇਗਾ। ਜ਼ਿਕਰਯੋਗ ਹੈ ਕਿ ਰਿਪਬਲਿਕਨ ਪਾਰਟੀ ‘ਚ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ‘ਚ ਜੋਅ ਬਾਇਡਨ ਆਪਣੇ ਵਿਰੋਧੀਆਂ ਨੂੰ ਪਛਾੜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੋਵਾਂ ਵਿਚਾਲੇ ਹੁਣ ਜ਼ਬਰਦਸਤ ਮੁਕਾਬਲਾ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਅਮਰੀਕਾ ਵਿਚ ਰਾਸ਼ਟਰਪਤੀ ਦਿਵਸ ਤੋਂ ਇੱਕ ਦਿਨ ਪਹਿਲਾਂ ਰਾਸ਼ਟਰਪਤੀ ਮਹਾਨਤਾ ਪ੍ਰੋਜੈਕਟ ਮਾਹਿਰ ਸਰਵੇਖਣ ਵਿਚ ਅਮਰੀਕੀ ਨੇਤਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ। 15 ਨਵੰਬਰ ਤੋਂ 31 ਦਸੰਬਰ ਦਰਮਿਆਨ ਕੀਤੇ ਗਏ ਸਰਵੇਖਣ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੂਚੀ ‘ਚ ਸਭ ਤੋਂ ਹੇਠਾਂ ਰੱਖਿਆ ਗਿਆ ਹੈ, ਜਦਕਿ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ 14ਵਾਂ ਸਥਾਨ ਦਿੱਤਾ ਗਿਆ ਹੈ। ਯੂਨੀਵਰਸਿਟੀ ਆਫ ਕੋਸਟਲ ਕੈਰੋਲੀਨਾ ਦੇ ਵੌਨ ਅਤੇ ਯੂਨੀਵਰਸਿਟੀ ਆਫ ਹਿਊਸਟਨ ਦੇ ਰੋਟਿੰਗਹਾਸ ਨੇ 154 ਵਿਦਵਾਨਾਂ ਦਾ ਸਰਵੇਖਣ ਕੀਤਾ ਹੈ, ਜਿਸ ਵਿਚ ਅਮਰੀਕੀ ਰਾਜਨੀਤੀ ਵਿਗਿਆਨ ਐਸੋਸੀਏਸ਼ਨ ਦੇ ਪ੍ਰਧਾਨਾਂ ਅਤੇ ਕਾਰਜਕਾਰੀ ਰਾਜਨੀਤੀ ਵਿਭਾਗਾਂ ਦੇ ਮੌਜੂਦਾ ਅਤੇ ਹਾਲੀਆ ਮੈਂਬਰ ਸ਼ਾਮਲ ਹਨ। ਇਨ੍ਹਾਂ ਮਾਹਿਰਾਂ ਨੇ ਲੋਕਾਂ ਨੂੰ ਸਮਝਾਇਆ ਕਿ ਉਨ੍ਹਾਂ ਦਾ ਟੀਚਾ ਇਹ ਪਤਾ ਲਗਾਉਣਾ ਹੈ ਕਿ ਸਭ ਤੋਂ ਵਧੀਆ ਰਾਸਟਰਪਤੀ ਕੌਣ ਹੋਵੇਗਾ। ਇਸ ਸਰਵੇਖਣ ਵਿਚ ਅਮਰੀਕਾ ਦੇ ਸਾਰੇ 45 ਰਾਸ਼ਟਰਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਗੌਰਤਲਬ ਹੈ ਕਿ ਸਾਲ 2015 ਅਤੇ 2018 ਵਿਚ ਵੀ ਅਜਿਹਾ ਹੀ ਸਰਵੇਖਣ ਕੀਤਾ ਗਿਆ ਸੀ। ਸਰਵੇਖਣ ਨੇ ਲੋਕਾਂ ਨੂੰ ਹਰੇਕ ਰਾਸ਼ਟਰਪਤੀ ਨੂੰ 0 ਤੋਂ 100 ਤੱਕ ਦਰਜਾ ਦੇਣ ਲਈ ਕਿਹਾ। ਜਿਸ ਵਿਚ 0 ਦਾ ਮਤਲਬ ਹੈ ਸਭ ਤੋਂ ਅਸਫਲ, 50 ਦਾ ਮਤਲਬ ਔਸਤ ਅਤੇ 100 ਦਾ ਮਤਲਬ ਹੈ ਮਹਾਨ। ਫਿਰ ਉਨ੍ਹਾਂ ਨੇ ਹਰੇਕ ਰਾਸ਼ਟਰਪਤੀ ਲਈ ਔਸਤ ਸਕੋਰ ਦੀ ਗਿਣਤੀ ਕੀਤੀ ਅਤੇ ਉਨ੍ਹਾਂ ਨੂੰ ਪਹਿਲੇ ਤੋਂ ਆਖਰੀ ਤੱਕ ਦਰਜਾ ਦਿੱਤਾ। ਇਸ ਸਾਲ ਦੇ ਸਰਵੇਖਣ ‘ਚ ਚੋਟੀ ਦੇ ਸਥਾਨ ‘ਤੇ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ। ਇਸ ਸੂਚੀ ਵਿਚ ਇਕਲੌਤਾ ਵੱਡਾ ਬਦਲਾਅ ਟਰੰਪ ਸੀ।
ਇਸ ਸਰਵੇਖਣ ਦੇ ਅਨੁਸਾਰ ਅਬਰਾਹਿਮ ਲਿੰਕਨ ਨੂੰ ਪਹਿਲਾ ਸਥਾਨ ਮਿਲਿਆ ਹੈ, ਜਿਸ ਨੇ ਦੇਸ਼ ਵਿਚੋਂ ਗੁਲਾਮੀ ਨੂੰ ਖ਼ਤਮ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਘਰੇਲੂ ਯੁੱਧ ਦੌਰਾਨ ਦੇਸ਼ ਦੀ ਅਗਵਾਈ ਕੀਤੀ। ਸੂਚੀ ਵਿਚ ਦੂਜੇ ਨੰਬਰ ‘ਤੇ ਫਰੈਂਕਲਿਨ ਡੇਲਾਨੋ ਰੂਜ਼ਵੈਲਟ ਸੀ, ਜਿਸ ਨੇ ਅਮਰੀਕਾ ਨੂੰ ਮਹਾਨ ਉਦਾਸੀ ਅਤੇ ਦੂਜੇ ਵਿਸ਼ਵ ਯੁੱਧ ਵਿਚ ਅਗਵਾਈ ਕੀਤੀ ਸੀ। ਜਦਕਿ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਇਸ ਸੂਚੀ ਵਿਚ ਤੀਜੇ ਸਥਾਨ ‘ਤੇ ਸਨ। ਸੂਚੀ ਵਿਚ ਚੋਟੀ ਦੇ ਤਿੰਨ ਟੈਡੀ ਰੂਜ਼ਵੈਲਟ, ਥਾਮਸ ਜੇਫਰਸਨ ਅਤੇ ਹੈਰੀ ਟਰੂਮੈਨ ਸਨ। ਪਿਛਲੀ ਸੂਚੀ ‘ਚ ਨੌਵੇਂ ਸਥਾਨ ‘ਤੇ ਰਹੇ ਬਰਾਕ ਓਬਾਮਾ ਇਸ ਸਾਲ ਸੱਤਵੇਂ ਸਥਾਨ ‘ਤੇ ਹਨ।