#AMERICA

ਅਮਰੀਕੀ ਅਦਾਲਤ ਵੱਲੋਂ 4 ਵਿਦਿਆਰਥੀਆਂ ਦੀ ਹੱਤਿਆ ਦੇ ਮਾਮਲੇ ‘ਚ ਨਾਬਾਲਗ ਨੂੰ ਸੁਣਾਈ ਉਮਰ ਭਰ ਲਈ Jail ਦੀ ਸਜ਼ਾ

ਸੈਕਰਾਮੈਂਟੋ, 12 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 2021 ਵਿਚ ਮਿਸ਼ੀਗਨ ਦੇ ਆਕਸਫੋਰਡ ਹਾਈ ਸਕੂਲ ਵਿਚ ਆਪਣੇ 4 ਸਾਥੀ ਵਿਦਿਆਰਥੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਤੇ ਇਕ ਅਧਿਆਪਕ ਸਮੇਤ 6 ਹੋਰਨਾਂ ਨੂੰ ਜ਼ਖਮੀ ਕਰ ਦੇਣ ਦੇ ਮਾਮਲੇ ‘ਚ ਅਦਾਲਤ ਨੇ 17 ਸਾਲਾ ਨਾਬਾਲਗ ਏਥਾਨ ਕਰੂੰਬਲੇ ਨੂੰ ਬਿਨਾਂ ਪੈਰੋਲ ਉਮਰ ਭਰ ਲਈ ਜੇਲ੍ਹ ਵਿਚ ਬੰਦ ਰੱਖਣ ਦੀ ਸਜ਼ਾ ਸੁਣਾਈ ਹੈ। ਓਕਲੈਂਡ ਕਾਊਂਟੀ ਸਰਕਟ ਕੋਰਟ ਜੱਜ ਵਾਮ ਰੋਏ ਨੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਆਖਰੀ ਸਮੇਂ ਵਿਚ ਕਰੂੰਬਲੇ ਦੀ ਉਮਰ ਦੇ ਮੱਦੇਨਜ਼ਰ ਉਸ ਨੂੰ ਮੁਆਫ ਕਰ ਦੇਣ ਦੀ ਕੀਤੀ ਅਪੀਲ ਰੱਦ ਕਰਦਿਆਂ ਕਿਹਾ ਕਿ ਏਥਾਨ ਕਰੂੰਬਲੇ ਨੇ ਖੁਦ ਅਦਾਲਤ ਨੂੰ ਕਿਹਾ ਹੈ ਕਿ ”ਇਹ ਹੋਰ ਕਿਸੇ ਦੀ ਨਹੀਂ, ਬਲਕਿ ਉਸ ਦੀ ਆਪਣੀ ਗਲਤੀ ਹੈ।” ਇਸ ਗੋਲੀਬਾਰੀ ਵਿਚ 17 ਸਾਲ ਤੋਂ ਘੱਟ ਉਮਰ ਦੇ 4 ਵਿਦਿਆਰਥੀ ਮਾਰੇ ਗਏ ਸਨ, ਜਿਨ੍ਹਾਂ ਦੇ ਕਈ-ਕਈ ਗੋਲੀਆਂ ਮਾਰੀਆਂ ਗਈਆਂ ਸਨ। ਮਾਰੇ ਗਏ ਵਿਦਿਆਰਥੀਆਂ ਵਿਚ ਜਸਟਿਨ ਸ਼ੀਲਿੰਗ, ਹਨਾ ਜੁਲੀਅਨਾ, ਟੇਟ ਮਾਇਰ ਤੇ ਮੈਡੀਸਿਨ ਬੈਲਡਵਿਨ ਸ਼ਾਮਲ ਹਨ। ਜਦੋਂ ਏਥਾਨ ਕਰੂੰਬਲੇ ਨੇ ਇਹ ਅਪਰਾਧ ਕੀਤਾ ਸੀ, ਉਸ ਸਮੇਂ ਉਸ ਦੀ ਉਮਰ 15 ਸਾਲ ਸੀ।