#AMERICA

ਅਮਰੀਕਾ ਵੱਲੋਂ ਭਾਰਤ ਸਮੇਤ 398 ਕੰਪਨੀਆਂ ‘ਤੇ ਪਾਬੰਦੀ

-ਰੂਸ ਅਤੇ ਯੂਕਰੇਨ ਜੰਗ ਦੌਰਾਨ ਰੂਸ ਦੀ ਮਦਦ ਦਾ ਲਾਇਆ ਦੋਸ਼
ਨਵੀਂ ਦਿੱਲੀ, 1 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਬੈਨ ਦਾ ਡੰਡਾ ਬੁੱਧਵਾਰ ਨੂੰ 15 ਦੇਸ਼ਾਂ ‘ਤੇ ਚੱਲਿਆ। ਉਸਨੇ ਇਨ੍ਹਾਂ ਦੇਸ਼ਾਂ ਦੀਆਂ 398 ਕੰਪਨੀਆਂ ‘ਤੇ ਪਾਬੰਦੀ ਲਗਾ ਦਿੱਤੀ। ਅਮਰੀਕਾ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਨੇ ਰੂਸ ਅਤੇ ਯੂਕ੍ਰੇਨ ਜੰਗ ਦੌਰਾਨ ਰੂਸ ਦੀ ਮਦਦ ਕੀਤੀ। ਅਮਰੀਕਾ ਨੇ ਜਿਨ੍ਹਾਂ ਕੰਪਨੀਆਂ ‘ਤੇ ਬੈਨ ਲਗਾਇਆ ਹੈ ਉਨ੍ਹਾਂ ‘ਚ ਭਾਰਤ, ਰੂਸ ਅਤੇ ਚੀਨ ਦੀਆਂ ਕੰਪਨੀਆਂ ਸ਼ਾਮਲ ਹਨ।
ਅਮਰੀਕਾ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਇਨ੍ਹਾਂ 398 ਕੰਪਨੀਆਂ ਨੇ ਯੂਕ੍ਰੇਨ ਦੇ ਨਾਲ ਜੰਗ ‘ਚ ਉਲਝੇ ਰੂਸ ਨੂੰ ਅਜਿਹੇ ਪ੍ਰੋਡਕਟ ਅਤੇ ਸੇਵਾਵਾਂ ਦਿੱਤੀਆਂ, ਜਿਸ ਨਾਲ ਉਸ ਨੂੰ ਜੰਗ ਦੀਆਂ ਕੋਸ਼ਿਸ਼ਾਂ ‘ਚ ਮਦਦ ਮਿਲੀ। ਅਮਰੀਕਾ ਦੇ ਵਿੱਤੀ ਅਤੇ ਵਿਦੇਸ਼ ਵਿਭਾਗਾਂ ਨੇ ਇਸ ਮਾਮਲੇ ‘ਚ ਸਾਂਝੀ ਕਾਰਵਾਈ ਕਰਦੇ ਹੋਏ ਇਨ੍ਹਾਂ ਕੰਪਨੀਆਂ ‘ਤੇ ਬੈਨ ਲਗਾ ਦਿੱਤਾ।
ਅਮਰੀਕਾ ਦਾ ਕਹਿਣਾ ਹੈ ਕਿ ਇਸ ਸਾਂਝੀ ਕਾਰਵਾਈ ਦਾ ਮਕਸਦ ਤੀਜੇ ਪੱਖ ਦੇ ਉਨ੍ਹਾਂ ਦੇਸ਼ਾਂ ਨੂੰ ਸਜ਼ਾ ਦੇਣਾ ਹੈ, ਜਿਨ੍ਹਾਂ ਨੇ ਰੂਸ ਨੂੰ ਮਦਦ ਪਹੁੰਚਾਉਣ ਦਾ ਕੰਮ ਕੀਤਾ। ਨਾਲ ਹੀ ਰੂਸ-ਯੂਕ੍ਰੇਨ ਜੰਗ ਦੇ ਚਲਦੇ ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਲਗਾਏ ਗਏ ਬੈਨ ਦਾ ਉਲੰਘਣ ਕਰਦੇ ਹੋਏ ਉਨ੍ਹਾਂ ਤੋਂ ਬਚਣ ‘ਚ ਰੂਸ ਦੀ ਮਦਦ ਕੀਤੀ।
ਰੂਸ ਨੇ ਫਰਵਰੀ 2022 ‘ਚ ਯੂਕ੍ਰੇਨ ‘ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਅਮਰੀਕਾ ਦੀ ਅਗਵਾਈ ‘ਚ ਪੱਛਮੀ ਦੇਸ਼ਾਂ ਨੇ ਰੂਸ ‘ਤੇ ਕਈ ਤਰ੍ਹਾਂ ਦੇ ਆਰਥਿਕ ਬੈਨ ਲਗਾ ਦਿੱਤੇ ਸਨ। ਰੂਸ ‘ਤੇ ਉਦੋਂ ਤੋਂ ਹੀ ਇਹ ਆਰਥਿਕ ਪਾਬੰਦੀਆਂ ਲੱਗੀਆਂ ਹੋਈਆਂ ਹਨ।
ਅਮਰੀਕਾ ਦੇ ਵਿੱਤ ਵਿਭਾਗ ਨੇ ਜਿਨ੍ਹਾਂ 398 ਕੰਪਨੀਆਂ ‘ਤੇ ਪਾਬੰਦੀ ਲਗਾਈ ਹੈ, ਜੋ ਕਿ ਰੂਸ ਦੇ ਸਹਿਯੋਗੀ ਦੇਸ਼ਾਂ ਨਾਲ ਅਸਿੱਧੇ ਤੌਰ ‘ਤੇ ਜੁੜੀਆਂ ਹੋਈਆਂ ਹਨ, ਉਨ੍ਹਾਂ ‘ਚੋਂ 274 ਕੰਪਨੀਆਂ ‘ਤੇ ਰੂਸ ਨੂੰ ਆਧੁਨਿਕ ਤਕਨਾਲੋਜੀ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਇਸ ਵਿਚ ਰੂਸ ਸਥਿਤ ਰੱਖਿਆ ਅਤੇ ਨਿਰਮਾਣ ਕੰਪਨੀਆਂ ਵੀ ਸ਼ਾਮਲ ਹਨ। ਇਹ ਕੰਪਨੀਆਂ ਉਨ੍ਹਾਂ ਹਥਿਆਰਾਂ ਅਤੇ ਸਬੰਧਤ ਸਾਧਨਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੀਆਂ ਹਨ, ਜੋ ਯੂਕ੍ਰੇਨ ਵਿਰੁੱਧ ਜੰਗ ਵਿਚ ਵਰਤੇ ਗਏ ਸਨ।
ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਨੇ ਰੂਸੀ ਰੱਖਿਆ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀਆਂ, ਰੱਖਿਆ ਕੰਪਨੀਆਂ ਦੇ ਸਮੂਹ ਅਤੇ ਚੀਨ ਸਥਿਤ ਕੰਪਨੀਆਂ ‘ਤੇ ਵੀ ਕੂਟਨੀਤਕ ਪਾਬੰਦੀਆਂ ਲਗਾਈਆਂ ਹਨ। ਇਹ ਕੰਪਨੀਆਂ ਦੋਹਰੀ ਵਰਤੋਂ ਵਾਲੇ ਰੱਖਿਆ ਉਤਪਾਦਾਂ ਦੇ ਨਿਰਯਾਤ ਵਿਚ ਸ਼ਾਮਲ ਹਨ।