#AMERICA

ਅਮਰੀਕਾ ਵੱਲੋਂ ਪੰਨੂ ਮਾਮਲੇ ‘ਚ ਨਿਖਿਲ ਗੁਪਤਾ ਨੂੰ ਬਚਾਅ ਸਮੱਗਰੀ ਮੁਹੱਈਆ ਕਰਾਉਣ ਦਾ ਵਿਰੋਧ

ਨਿਊਯਾਰਕ (ਅਮਰੀਕਾ), 11 ਜਨਵਰੀ (ਪੰਜਾਬ ਮੇਲ)- ਅਮਰੀਕੀ ਸਰਕਾਰ ਨੇ ਖ਼ਾਲਿਸਤਾਨੀ ਕੱਟੜਪੰਥੀ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਵਿਚ ਚੈੱਕ ਗਣਰਾਜ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਬਚਾਅ ਸਮੱਗਰੀ ਮੁਹੱਈਆ ਕਰਵਾਉਣ ‘ਤੇ ਇਤਰਾਜ਼ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਨਿਊਯਾਰਕ ਦੀ ਅਦਾਲਤ ਵਿਚ ਪੇਸ਼ੀ ਅਤੇ ਦੋਸ਼ ਆਇਦ ਹੋਣ ਤੋਂ ਬਾਅਦ ਹੀ ਜਾਣਕਾਰੀ ਦੇਵੇਗੀ। 52 ਸਾਲਾ ਗੁਪਤਾ ‘ਤੇ ਪਿਛਲੇ ਸਾਲ ਨਵੰਬਰ ‘ਚ ਭਾਰਤ ਸਰਕਾਰ ਦੇ ਕਰਮਚਾਰੀ ਨਾਲ ਮਿਲ ਕੇ ਖ਼ਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਦੀ ਧਰਤੀ ‘ਤੇ ਮਾਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਸੀ। ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਗੁਪਤਾ ਨੂੰ 30 ਜੂਨ 2023 ਨੂੰ ਚੈਕ ਗਣਰਾਜ ਦੇ ਪਰਾਗ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉੱਥੇ ਹੀ ਹੈ। ਅਮਰੀਕੀ ਸਰਕਾਰ ਉਸ ਨੂੰ ਅਮਰੀਕਾ ਹਵਾਲੇ ਕਰਨ ਦੀ ਮੰਗ ਕਰ ਰਹੀ ਹੈ।