-ਸ਼ਰਾਬ ਸਣੇ ਕਈ ਹੋਰ ਅਮਰੀਕੀ ਉਤਪਾਦਾਂ ‘ਤੇ ਲਗਾਇਆ ਟੈਰਿਫ
ਓਟਾਵਾ, 3 ਫਰਵਰੀ (ਪੰਜਾਬ ਮੇਲ)- ਅਮਰੀਕਾ ਵੱਲੋਂ ਕੈਨੇਡੀਅਨ ਉਤਪਾਦਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਤੋਂ ਇੱਕ ਦਿਨ ਬਾਅਦ, ਕੈਨੇਡੀਅਨ ਸਰਕਾਰ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਐਤਵਾਰ ਨੂੰ ਉਨ੍ਹਾਂ ਅਮਰੀਕੀ ਉਤਪਾਦਾਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ‘ਤੇ ਕੈਨੇਡੀਅਨ ਸਰਕਾਰ ਟੈਰਿਫ ਲਗਾਉਣ ਜਾ ਰਹੀ ਹੈ। ਕੈਨੇਡਾ, ਅਮਰੀਕਾ ਤੋਂ ਆਉਣ ਵਾਲੇ ਲਗਭਗ 30 ਬਿਲੀਅਨ ਡਾਲਰ ਦੇ ਉਤਪਾਦਾਂ ‘ਤੇ ਟੈਰਿਫ ਲਗਾਏਗਾ। ਇਸ ਸੂਚੀ ਵਿਚ ਅਮਰੀਕਾ ਦੁਆਰਾ ਤਿਆਰ ਸ਼ਰਾਬ, ਘਰੇਲੂ ਉਪਕਰਣ, ਔਜ਼ਾਰ, ਹਥਿਆਰ, ਡੇਅਰੀ ਉਤਪਾਦ, ਫਲ, ਸਬਜ਼ੀਆਂ, ਕੱਪੜੇ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਇੱਥੇ ਦੱਸ ਦੇਈਏ ਕਿ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੈਨੇਡਾ ਅਤੇ ਮੈਕਸੀਕੋ ‘ਤੇ 25 ਫੀਸਦੀ ਟੈਰਿਫ ਲਗਾਉਣ ਦੇ ਨਾਲ-ਨਾਲ ਚੀਨ ਤੋਂ ਆਉਣ ਵਾਲੇ ਸਮਾਨ ‘ਤੇ 10 ਫੀਸਦੀ ਵਾਧੂ ਟੈਕਸ ਲਗਾਉਣ ਤੋਂ ਇੱਕ ਦਿਨ ਬਾਅਦ ਚੁੱਕਿਆ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਕ੍ਰਿਸਟੀਆ ਫ੍ਰੀਲੈਂਡ ਨੇ ਅਮਰੀਕੀ ਉਤਪਾਦਾਂ ‘ਤੇ ਟੈਰਿਫ ਲਗਾਉਣ ਦੇ ਸਰਕਾਰ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ”ਅਸੀਂ ਇਹ ਲੜਾਈ ਨਹੀਂ ਚਾਹੁੰਦੇ, ਪਰ ਅਸੀਂ ਇਸਨੂੰ ਹਾਰਨ ਵਾਲੇ ਵੀ ਨਹੀਂ ਹਾਂ।”