#AMERICA

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਯਾਤਰਾ ਤੋਂ ਬਚਣ ਲਈ ਸਖਤ ਐਡਵਾਈਜ਼ਰੀ ਜਾਰੀ

ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਚਣ ਦੀ ਸਖ਼ਤ ਹਦਾਇਤ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਨੂੰ ”ਲੈਵਲ-3: ਰੀ-ਕੰਸੀਡਰ ਟ੍ਰੈਵਲ” (ਯਾਤਰਾ ‘ਤੇ ਮੁੜ ਵਿਚਾਰ ਕਰੋ) ਦੀ ਸ਼੍ਰੇਣੀ ਵਿਚ ਰੱਖਿਆ ਹੈ। ਅਮਰੀਕਾ ਮੁਤਾਬਕ ਪਾਕਿਸਤਾਨ ਵਿਚ ਅੱਤਵਾਦ, ਅਗਵਾ ਅਤੇ ਹਿੰਸਕ ਅਪਰਾਧਾਂ ਦਾ ਖ਼ਤਰਾ ਬਹੁਤ ਜ਼ਿਆਦਾ ਵਧ ਗਿਆ ਹੈ।
ਜਾਰੀ ਕੀਤੀ ਗਈ ਨਵੀਂ ਐਡਵਾਈਜ਼ਰੀ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨ ਵਿਚ ਅੱਤਵਾਦੀ ਹਮਲੇ ਕਿਸੇ ਵੀ ਸਮੇਂ ਬਿਨਾਂ ਕਿਸੇ ਚੇਤਾਵਨੀ ਦੇ ਹੋ ਸਕਦੇ ਹਨ। ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਮੁੱਖ ਤੌਰ ‘ਤੇ ਟਰਾਂਸਪੋਰਟ ਹੱਬ, ਹੋਟਲ, ਬਾਜ਼ਾਰ, ਸ਼ਾਪਿੰਗ ਮਾਲ, ਸਰਕਾਰੀ ਇਮਾਰਤਾਂ, ਸਕੂਲ, ਹਸਪਤਾਲ, ਧਾਰਮਿਕ ਸਥਾਨ, ਸੈਰ-ਸਪਾਟਾ ਕੇਂਦਰ, ਮਿਲਟਰੀ ਅਤੇ ਸੁਰੱਖਿਆ ਸਥਾਪਨਾਵਾਂ ਸ਼ਾਮਲ ਹਨ।
ਅਮਰੀਕਾ ਨੇ ਪਾਕਿਸਤਾਨ ਦੇ ਕੁਝ ਹਿੱਸਿਆਂ, ਖਾਸ ਕਰਕੇ ਖ਼ੈਬਰ ਪਖਤੂਨਖਵਾ ਦੇ ਇਲਾਕਿਆਂ ਲਈ ”ਲੈਵਲ-4: ਡੂ ਨਾਟ ਟ੍ਰੈਵਲ” ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਸਭ ਤੋਂ ਉੱਚੇ ਪੱਧਰ ਦੀ ਚੇਤਾਵਨੀ ਹੈ। ਅਮਰੀਕੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਇਲਾਕਿਆਂ ਵਿਚ ”ਕਿਸੇ ਵੀ ਕੀਮਤ ‘ਤੇ” ਨਾ ਜਾਣ, ਕਿਉਂਕਿ ਇੱਥੇ ਕਤਲ ਅਤੇ ਅਗਵਾ ਦੀਆਂ ਘਟਨਾਵਾਂ ਬੇਹੱਦ ਆਮ ਹਨ। ਇਹ ਚੇਤਾਵਨੀ ਸਾਰੇ ਅਮਰੀਕੀ ਨਾਗਰਿਕਾਂ ‘ਤੇ ਲਾਗੂ ਹੁੰਦੀ ਹੈ, ਜਿਸ ਵਿਚ ਪਾਕਿਸਤਾਨੀ ਮੂਲ ਦੇ ਲੋਕ ਵੀ ਸ਼ਾਮਲ ਹਨ।
ਐਡਵਾਈਜ਼ਰੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਬਿਨਾਂ ਇਜਾਜ਼ਤ ਪ੍ਰਦਰਸ਼ਨ ਕਰਨਾ ਗੈਰ-ਕਾਨੂੰਨੀ ਹੈ। ਪਹਿਲਾਂ ਵੀ ਕਈ ਅਮਰੀਕੀ ਨਾਗਰਿਕਾਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਹਿਰਾਸਤ ਵਿਚ ਲਿਆ ਜਾ ਚੁੱਕਾ ਹੈ।
ਮਾਹਰਾਂ ਅਨੁਸਾਰ, ਇਹ ਐਡਵਾਈਜ਼ਰੀ ਪਾਕਿਸਤਾਨ ਦੀ ਗਲੋਬਲ ਪੱਧਰ ‘ਤੇ ਅਕਸ ਨੂੰ ਵੱਡਾ ਝਟਕਾ ਹੈ। ਇੱਕ ਪਾਸੇ ਪਾਕਿਸਤਾਨ ਨਿਵੇਸ਼ ਅਤੇ ਸੈਰ-ਸਪਾਟਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਹੀ ਅਮਰੀਕਾ ਦੀ ਇਹ ਚੇਤਾਵਨੀ ਦਰਸਾਉਂਦੀ ਹੈ ਕਿ ਉੱਥੇ ਸੁਰੱਖਿਆ ਦੇ ਹਾਲਾਤ ਅਜੇ ਵੀ ਕਾਬੂ ਹੇਠ ਨਹੀਂ ਹਨ।