ਵਾਸ਼ਿੰਗਟਨ, 5 ਫਰਵਰੀ (ਪੰਜਾਬ ਮੇਲ)- ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ.) ਨੇ ਇੱਕ ਭਾਰਤ-ਆਧਾਰਿਤ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਖ਼ਿਲਾਫ਼ ਕਾਰਵਾਈ ਕਰਦਿਆਂ 200 ਤੋਂ ਵੱਧ ਵੈੱਬਸਾਈਟ ਡੋਮੇਨ ਜ਼ਬਤ ਕੀਤੇ ਹਨ, ਜੋ ਅਮਰੀਕਾ ਵਿਚ ਗੈਰ-ਕਾਨੂੰਨੀ ਆਨਲਾਈਨ ਫਾਰਮੇਸੀਆਂ ਚਲਾ ਰਹੇ ਸਨ।
ਇਸ ਆਪਰੇਸ਼ਨ ਦੌਰਾਨ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨੈੱਟਵਰਕ ਘੱਟੋ-ਘੱਟ 6 ਮੌਤਾਂ ਅਤੇ 4 ਓਵਰਡੋਜ਼ ਦੇ ਮਾਮਲਿਆਂ ਲਈ ਜ਼ਿੰਮੇਵਾਰ ਹੈ। ਇਹ ਵੈੱਬਸਾਈਟਾਂ ਅਮਰੀਕਾ-ਆਧਾਰਿਤ ਅਤੇ ‘ਐੱਫ.ਡੀ.ਏ.-ਪ੍ਰਵਾਨਿਤ’ ਹੋਣ ਦਾ ਝੂਠਾ ਦਾਅਵਾ ਕਰਦੀਆਂ ਸਨ ਤੇ ਬਿਨਾਂ ਕਿਸੇ ਵੈਲਿਡ ਡਾਕਟਰੀ ਕੰਪੋਜ਼ੀਸ਼ਨ ਦੇ ਨਕਲੀ ਅਤੇ ਖ਼ਤਰਨਾਕ ਗੋਲੀਆਂ, ਜਿਨ੍ਹਾਂ ਵਿਚ ਫੈਂਟਾਨਿਲ ਜਾਂ ਮੈਥਾਮਫੇਟਾਮਾਈਨ ਹੋ ਸਕਦੀ ਹੈ, ਗਾਹਕਾਂ ਨੂੰ ਭੇਜ ਰਹੀਆਂ ਸਨ।
ਡੀ.ਈ.ਏ. ਇਨ੍ਹਾਂ ਅਪਰਾਧਿਕ ਨੈੱਟਵਰਕਾਂ ਨੂੰ ਨੱਥ ਪਾਉਣ ਲਈ ਭਾਰਤ ਸਰਕਾਰ ਦੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਜਾਂਚ ਦੌਰਾਨ ਹਜ਼ਾਰਾਂ ਗਾਹਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਜਨਤਾ ਨੂੰ 20,000 ਤੋਂ ਵੱਧ ਪੱਤਰ ਭੇਜੇ ਗਏ ਹਨ। ਡੀ.ਈ.ਏ. ਅਨੁਸਾਰ ਇਹ ਫਾਰਮੇਸੀਆਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਅਤੇ ਇਹ ਕਾਰਵਾਈ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਕੀਤੀ ਗਈ ਹੈ। ਇਹ ਕਾਰਵਾਈ 27 ਜਨਵਰੀ 2026 ਤੋਂ ਸ਼ੁਰੂ ਹੋਈਆਂ ਵੱਖ-ਵੱਖ ਮੁਹਿੰਮਾਂ ਦਾ ਹਿੱਸਾ ਹੈ।
ਅਮਰੀਕਾ ਵੱਲੋਂ 200 ਤੋਂ ਵੱਧ ਭਾਰਤ ਨਾਲ ਸੰਬੰਧਤ ਫਾਰਮੇਸੀ ਵੈੱਬਸਾਈਟਾਂ ਜ਼ਬਤ

