#AMERICA

ਅਮਰੀਕਾ ਵਿੱਚ ਤੂਫਾਨ ਕਾਰਨ 100,000 ਘਰਾਂ ਦੀ ਬੱਤੀ ਗੁੱਲ; ਹਜ਼ਾਰਾਂ ਉਡਾਣਾਂ ਰੱਦ

ਵਾਸ਼ਿੰਗਟਨ, 25 ਜਨਵਰੀ (ਪੰਜਾਬ ਮੇਲ)- ਅਮਰੀਕਾ ਵਿੱਚ ਤੂਫਾਨ ਤੇ ਝੱਖੜ ਨੇ ਜ਼ਿੰਦਗੀ ਲੀਹੋਂ ਲਾਹ ਦਿੱਤੀ ਹੈ। ਇਸ ਤੂਫਾਨ ਕਾਰਨ 14,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਟੈਕਸਾਸ ਤੱਕ ਪੱਛਮ ਵਿੱਚ 100,000 ਤੋਂ ਵੱਧ ਘਰਾਂ ਦੀ ਬੱਤੀ ਗੁੱਲ ਹੋ ਗਈ ਹੈ। ਇਥੇ ਭਾਰੀ ਬਰਫ਼ਬਾਰੀ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਖਣੀ ਕੈਰੋਲੀਨਾ, ਵਰਜੀਨੀਆ, ਟੈਨੇਸੀ, ਜਾਰਜੀਆ, ਉੱਤਰੀ ਕੈਰੋਲੀਨਾ, ਮੈਰੀਲੈਂਡ, ਅਰਕਾਨਸਾਸ, ਕੈਂਟਕੀ, ਲੁਸੀਆਨਾ, ਮਿਸੀਸਿਪੀ, ਇੰਡੀਆਨਾ ਅਤੇ ਪੱਛਮੀ ਵਰਜੀਨੀਆ ਵਿੱਚ ਸੰਘੀ ਐਮਰਜੈਂਸੀ ਆਫ਼ਤ ਐਲਾਨਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ, ‘ਅਸੀਂ ਇਸ ਤੂਫਾਨ ਕਾਰਨ ਪ੍ਰਭਾਵਿਤ ਹੋਣ ਵਾਲੇ ਸਾਰੇ ਸੂਬਿਆਂ ਦੀ ਨਿਗਰਾਨੀ ਕਰਾਂਗੇ ਤੇ ਸੰਪਰਕ ਵਿੱਚ ਰਹਾਂਗੇ, ਸੁਰੱਖਿਅਤ ਰਹੋ।’ ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਸਤਾਰਾਂ ਰਾਜਾਂ ਅਤੇ ਡਿਸਟ੍ਰਿਕਟ ਆਫ਼ ਕੋਲੰਬੀਆ ਨੇ ਮੌਸਮੀ ਐਮਰਜੈਂਸੀ ਐਲਾਨੀ ਹੈ।