ਸੈਕਰਾਮੈਂਟੋ, 25 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਐਰੀਜ਼ੋਨਾ ਰਾਜ ਵਿਚ ਬੈਰੀ ਜੋਨਜ ਨਾਮੀ ਵਿਅਕਤੀ, ਜਿਸ ਨੂੰ ਇਕ 4 ਸਾਲਾ ਬੱਚੀ ਦੀ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਨੂੰ ਨਿਰਦੋਸ਼ ਕਰਾਰ ਦੇ ਕੇ 29 ਸਾਲ ਬਾਅਦ ਜੇਲ ਵਿਚੋਂ ਰਿਹਾਅ ਕਰ ਦੇਣ ਦੀ ਖਬਰ ਹੈ। ਬੈਰੀ ਜੋਨਜ ਨੇ ਆਪਣੀ ਮੌਤ ਦੀ ਸਜ਼ਾ ਵਿਰੁੱਧ ਲੰਬੀ ਕਾਨੂੰਨੀ ਲੜਾਈ ਲੜੀ। ਬੈਰੀ ਜੋਨਜ ਦੀ ਉਮਰ ਇਸ ਸਮੇ 64 ਸਾਲ ਹੈ ਤੇ ਜਿਸ ਸਮੇ ਉਸ ਨੂੰ ਆਪਣੀ ਦੋਸਤ ਕੁੜੀ ਦੀ 4 ਸਾਲ ਦੀ ਬੱਚੀ ਦੀ ਮੌਤ ਦੇ ਮਾਮਲੇ ਵਿਚ ਜੇਲ ਵਿਚ ਬੰਦ ਕੀਤਾ ਗਿਆ ਸੀ, ਉਸ ਸਮੇ ਉਹ 35 ਸਾਲ ਦਾ ਸੀ। ਜੋਨਜ ਨੇ ਰਿਹਾਈ ਉਪਰੰਤ ਕਿਹਾ ਕਿ ਇਹ ਬਹੁਮੁੱਲੇ ਪਲ ਹਨ ਜਦੋਂ ਉਹ ਆਪਣੇ ਪਰਿਵਾਰ ਨੂੰ ਤਕਰੀਬਨ 3 ਦਹਾਕੇ ਬਾਅਦ ਮਿਲ ਰਿਹਾ ਹੈ। ਉਸ ਨੇ ਆਪਣੇ ਵਕੀਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਕਦੀ ਵੀ ਆਸ ਨਹੀਂ ਛੱਡੀ ਸੀ । ਉਸ ਨੇ ਆਪਣੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਕਿਹਾ ਕਿ ਪਰਿਵਾਰ ਉਸ ਨਾਲ ਬਹੁਤ ਹੀ ਕਠਿਨ ਸਮੇ ਵਿਚ ਉਸ ਨਾਲ ਖੜਾ ਰਿਹਾ। ਪ੍ਰਾਪਤ ਵੇਰਵੇ ਅਨੁਸਾਰ ਸਟੇਟ ਅਟਾਰਨੀ ਦਫਤਰ ਤੇ ਪੀਮਾ ਕਾਊਂਟੀ ਅਟਾਰਨੀ ਦਫਤਰ ਵਿਚਾਲੇ ਇਹ ਸਹਿਮਤੀ ਬਣੀ ਕਿ ਜੋਨਜ ਨੂੰ ਫਸਟ ਡਿਗਰੀ ਹੱਤਿਆ ਮਾਮਲੇ ਤਹਿਤ ਮਿਲੀ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਜਾਵੇ ਜਿਸ ਉਪਰੰਤ ਜੋਨਜ ਨੂੰ ਸੈਕਿੰਡ ਡਿਗਰੀ ਹੱਤਿਆ ਲਈ ਜਿੰਮੇਵਾਰ ਠਹਿਰਾਇਆ ਗਿਆ ਜਿਸ ਅਪਰਾਧ ਲਈ 25 ਸਾਲ ਸਜ਼ਾ ਨਿਸਚਤ ਹੈ। ਕਾਊਂਟੀ ਅਟਾਰਨੀ ਦੇ ਦਫਤਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਜੋਨਜ ਪਹਿਲਾਂ ਹੀ 29 ਸਾਲ ਜੇਲ ਕੱਟ ਚੁੱਕਾ ਸੀ ਇਸ ਲਈ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਜੋਨਜ ਨੂੰ ਆਪਣੀ ਦੋਸਤ ਕੁੜੀ ਦੀ 4 ਸਾਲਾ ਧੀ ਦੀ ਮੌਤ ਦੇ ਮਾਮਲੇ ਵਿਚ ਜੁਲਾਈ 1995 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬੱਚੀ ਦੀ ਮੌਤ ਪੀਮਾ ਕਾਊਂਟੀ ਵਿਚ 1994 ਵਿਚ ਉਸ ਦੇ ਅੰਦਰੂਨੀ ਜਖਮਾਂ ਕਾਰਨ ਹੋਈ ਸੀ। ਜੌਹਨ ਉਪਰ ਦੋਸ਼ ਸੀ ਕਿ ਬੱਚੀ ਨੂੰ ਜ਼ਖਮੀ ਕਰਨ ਲਈ ਉਹ ਜਿੰਮੇਵਾਰ ਹੈ ਜਿਸ ਤੋਂ ਜੋਨਜ ਹਮੇਸ਼ਾਂ ਇਨਕਾਰ ਕਰਦਾ ਰਿਹਾ ਹੈ।