ਸੈਕਰਾਮੈਂਟੋ,ਕੈਲੀਫੋਰਨੀਆ, 12 ਅਗਸਤ ਕੈਲੀਫੋਰਨੀਆ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਹਵਾਈ ਰਾਜ ਦੇ ਵੱਡੇ ਟਾਪੂ ਮਾਊਈ ਦੇ ਜੰਗਲ ਵਿਚ ਲੱਗੀ ਅੱਗ ਤੋਂ ਬਚਣ ਲਈ ਲੋਕਾਂ ਵਿਚ ਹਫੜਾ ਦਫੜੀ ਮਚਣ ਤੇ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਭੱਜਣ ਦੀ ਖਬਰ ਹੈ। ਕੁਝ ਹੀ ਘੰਟਿਆਂ ਵਿਚ ਟਾਪੂ ਵਿਰਾਨ ਹੋ ਗਿਆ। ਮਾਊਈ ਕਾਊਂਟੀ ਦੇ ਮੇਅਰ ਰਿਚਰਡ ਬਿਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਅੱਗ ਦੀ ਲਪੇਟ ਵਿਚ ਆ ਕੇ 6 ਲੋਕ ਮਾਰੇ ਜਾ ਚੁੱਕੇ ਹਨ ਤੇ ਘੱਟੋ ਘੱਟ 2 ਦਰਜਨ ਲੋਕ ਜ਼ਖਮੀ ਹੋਏ ਹਨ। ਮਾਊਈ ਦੇ ਇਤਿਹਾਸਕ ਲਹੈਨਾ ਕਸਬੇ ਜਿਥੇ ਤੇਜ ਹਵਾ ਕਾਰਨ ਅੱਗ ਭੜਕ ਉੱਠੀ, ਵਿਚ ਸਾਰੇ ਘਰਾਂ ਦੇ ਬਲਾਕਾਂ ਤੇ ਕਾਰੋਬਾਰੀ ਇਮਾਰਤਾਂ ਵਿਚ ਧੂੰਆਂ ਹੀ ਧੂੰਆਂ ਹੋ ਗਿਆ। ਇਸ ਤੋਂ ਇਲਾਵਾ ਟਾਪੂ ਉਪਰ 3 ਅੱਗਾਂ ਲੱਗੀਆਂ ਹੋਈਆਂ ਹਨ ਜਿਨਾਂ ਵਿਚੋਂ 2 ਉਪਰ 60% ਤੱਕ ਕਾਬੂ ਪਾ ਲਿਆ ਗਿਆ ਹੈ।