#PUNJAB

ਅਮਰੀਕਾ ਮਗਰੋਂ ਹੁਣ ਪੁਰਤਗਾਲ ਵੱਲੋਂ 33 ਹਜ਼ਾਰ ਲੋਕਾਂ ਨੂੰ ਦਿੱਤਾ ਦੇਸ਼ ਨਿਕਾਲੇ ਦਾ ਹੁਕਮ

ਮਿਲਾਨ, 30 ਜੂਨ (ਪੰਜਾਬ ਮੇਲ)- ਦੂਜੇ ਦੇਸ਼ਾਂ ਤੋਂ ਆਏ ਹੋਏ ਕਾਮਿਆਂ ਦਾ ਦੁਨੀਆਂ ਭਰ ਦੇ ਦੇਸ਼ਾਂ ‘ਚ ਵਿਰੋਧ ਹੋ ਰਿਹਾ ਹੈ। ਪਹਿਲਾਂ ਅਮਰੀਕਾ ਨੇ ਬਹੁਤ ਸਾਰੇ ਭਾਰਤੀਆਂ ਸਣੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪਿਛਲੇ ਦਿਨੀਂ ਵਾਪਸ ਆਪਣੇ ਦੇਸ਼ ਭੇਜਿਆ ਸੀ, ਉੱਥੇ ਹੀ ਹੁਣ ਇਸ ਦਾ ਅਸਰ ਯੂਰਪ ਦੇ ਕਈ ਮੁਲਕਾਂ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਪੁਰਤਗਾਲ ਦੇ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਕਾਨੂੰਨ ‘ਚ ਵੱਡਾ ਫੇਰਬਦਲ ਕਰਦਿਆਂ ਐਲਾਨ ਕੀਤਾ ਹੈ ਕਿ ਜਿਹੜੀ ਨਾਗਰਿਕਤਾ ਪਹਿਲਾਂ 5 ਸਾਲ ਬਾਅਦ ਮਿਲਦੀ ਸੀ, ਹੁਣ ਉਸ ਦਾ ਸਮਾਂ ਵਧਾ ਕੇ 10 ਸਾਲ ਕਰ ਦਿੱਤਾ ਗਿਆ ਹੈ, ਜਦਕਿ 10 ਸਾਲ ਬਾਅਦ ਅਪਲਾਈ ਕਰਨ ਤੋਂ ਬਾਅਦ 4 ਤੋਂ 5 ਸਾਲ ਵਾਧੂ ਵੀ ਲੱਗਣੇ ਤੈਅ ਹਨ।
ਜ਼ਿਕਰਯੋਗ ਹੈ ਕਿ ਬਹੁਤ ਸਾਰੇ ਯੂਰਪ ‘ਚ ਰਹਿੰਦੇ ਭਾਰਤੀਆਂ ਕੋਲ ਪੁਰਤਗਾਲ ਦੀ ਨਾਗਰਿਕਤਾ (ਪਾਸਪੋਰਟ) ਹਨ ਪਰ ਹੁਣ ਉਹ ਦੁਨੀਆਂ ਦੇ ਦੂਜੇ ਦੇਸ਼ਾਂ ‘ਚ ਜਾ ਕੇ ਕੰਮ ਕਰ ਰਹੇ ਹਨ। ਪੁਰਤਗਾਲ ‘ਚ ਵਿਦੇਸ਼ੀ ਕਾਮਿਆਂ ਦੀ ਬਹੁਗਿਣਤੀ ਹੋਣ ਕਰਕੇ ਸਰਕਾਰ ਨੇ ਸਖ਼ਤ ਕਾਨੂੰਨ ਲਿਆਂਦੇ ਹਨ। ਪੁਰਤਗਾਲ ਨਾਗਰਿਕਤਾ ਦਾ ਸਮਾਂ ਵਧਾ ਕੇ 10 ਸਾਲ ਕਰ ਦਿੱਤਾ ਹੈ ਤੇ ਨਾਲ ਹੀ ਜਿਹੜੀਆਂ ਪਹਿਲੀਆਂ ਸਾਰੀਆਂ ਜ਼ਰੂਰੀ ਸ਼ਰਤਾਂ ਹਨ, ਉਹ ਵੀ ਲੱਗੀਆਂ ਰਹਿਣਗੀਆਂ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ‘ਚ ਹੋਏ ਸਰਵੇਖਣ ‘ਚ ਇਟਲੀ ਦੀ ਨਾਗਰਿਕਤਾ 10 ਸਾਲ ਰੱਖਣ ‘ਤੇ ਸਹਿਮਤੀ ਪ੍ਰਗਟਾਈ ਗਈ ਸੀ, ਜਦਕਿ ਮੰਗ 5 ਸਾਲ ਦੀ ਕੀਤੀ ਗਈ ਸੀ, ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਯੂਰਪ ਦੇ ਨਾਗਰਿਕ ਬਾਹਰਲੇ ਦੇਸ਼ਾਂ ਤੋਂ ਆਏ ਕਾਮਿਆਂ ਨੂੰ ਪੱਕੇ ਵਸਨੀਕ ਬਣਾਉਣ ਦੇ ਹੱਕ ‘ਚ ਨਹੀਂ ਹਨ। ਪੁਰਤਗਾਲ ਦੀ ਸਰਕਾਰ ਨੇ ਪਿਛਲੇ ਦਿਨੀਂ 33 ਹਜ਼ਾਰ ਤੋਂ ਵੱਧ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਨੇ ਕੰਮਕਾਰ ਦੇ ਤੌਰ ‘ਤੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ।