#AMERICA

ਅਮਰੀਕਾ ਨੇ ਪਹਿਲੇ ਤਿੰਨ ਬੈਚਾਂ ਵਿਚ 332 ਭਾਰਤੀਆਂ ਨੂੰ ਕੀਤਾ ਡਿਪੋਰਟ

-ਪਨਾਮਾ ਤੋਂ ਭਾਰਤ ਵਾਪਸ ਲਿਆਂਦੇ ਗਏ 12 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ‘ਚ 4 ਪੰਜਾਬੀ
ਨਵੀਂ ਦਿੱਲੀ, 25 ਫਰਵਰੀ (ਪੰਜਾਬ ਮੇਲ)- ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 12 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇਕ ਜਹਾਜ਼ ਉਤਰਿਆ। ਇਨ੍ਹਾਂ ਭਾਰਤੀਆਂ ਨੂੰ ਪਨਾਮਾ ਤੋਂ ਲਿਆਂਦਾ ਗਿਆ ਹੈ। ਅਮਰੀਕਾ ਇੱਥੇ ਫੜੇ ਗਏ ਗੈਰ-ਕਾਨੂੰਨੀ ਲੋਕਾਂ ਨੂੰ ਪਨਾਮਾ ਸ਼ਿਫਟ ਕਰ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਉਨ੍ਹਾਂ ਦੇ ਦੇਸ਼ ਭੇਜਿਆ ਜਾ ਰਿਹਾ ਹੈ।
ਪਨਾਮਾ ਤੋਂ ਭਾਰਤ ਲਈ ਇਹ ਪਹਿਲੀ ਉਡਾਣ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿਚੋਂ ਚਾਰ ਲੋਕ ਪੰਜਾਬ ਦੇ ਵਸਨੀਕ ਹਨ। ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਤਿੰਨ-ਤਿੰਨ ਨੌਜਵਾਨ ਸ਼ਾਮਲ ਹਨ। ਅਮਰੀਕਾ ਨੇ ਪਹਿਲੇ ਤਿੰਨ ਬੈਚਾਂ ਵਿਚ 332 ਭਾਰਤੀਆਂ ਨੂੰ ਵਾਪਸ ਭੇਜਿਆ ਹੈ।
ਅਮਰੀਕਾ ਨੇ ਸਭ ਤੋਂ ਪਹਿਲਾਂ 5 ਫਰਵਰੀ ਨੂੰ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦਾ ਇੱਕ ਜਹਾਜ਼ ਭਾਰਤ ਭੇਜਿਆ ਸੀ। ਅਮਰੀਕੀ ਹਵਾਈ ਸੈਨਾ ਦੇ ਜਹਾਜ਼ਾਂ ਵਿਚ ਕੁੱਲ 104 ਲੋਕਾਂ ਨੂੰ ਭੇਜਿਆ ਗਿਆ ਸੀ। ਇਹ ਜਹਾਜ਼ ਪੰਜਾਬ ਦੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ ਸੀ। ਹੱਥਾਂ ‘ਚ ਹੱਥਕੜੀਆਂ ਅਤੇ ਪੈਰਾਂ ‘ਚ ਸੰਗਲ ਪਾਏ ਭਾਰਤੀ ਲੋਕਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਦੀ ਕਾਫੀ ਆਲੋਚਨਾ ਹੋਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਪਨਾਮਾ ਤੋਂ ਇਨ੍ਹਾਂ 12 ਭਾਰਤੀਆਂ ਨੂੰ ਤੁਰਕੀ ਏਅਰਲਾਈਨਜ਼ ਦੀ ਉਡਾਣ ਰਾਹੀਂ ਨਵੀਂ ਦਿੱਲੀ ਲਿਆਂਦਾ ਗਿਆ ਹੈ। ਇਸ ਤੋਂ ਬਾਅਦ ਪੰਜਾਬ ਦੇ ਚਾਰ ਲੋਕਾਂ ਨੂੰ ਇਕ ਹੋਰ ਫਲਾਈਟ ਰਾਹੀਂ ਅੰਮ੍ਰਿਤਸਰ ਭੇਜਿਆ ਗਿਆ ਹੈ।
ਡੋਨਾਲਡ ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿਚ ਪਨਾਮਾ ਦੇ ਇੱਕ ਹੋਟਲ ਵਿਚ ਆਪਣੇ ਦੇਸ਼ ਤੋਂ ਡਿਪੋਰਟ ਕੀਤੇ ਗਏ ਲਗਭਗ 300 ਪ੍ਰਵਾਸੀਆਂ ਦੀ ਮੇਜ਼ਬਾਨੀ ਕੀਤੀ ਹੈ। ਇੱਥੋਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੀ ਤਿਆਰੀ ਚੱਲ ਰਹੀ ਹੈ। ਕੋਸਟਾ ਰੀਕਾ, ਪਨਾਮਾ ਅਤੇ ਨਿਕਾਰਾਗੁਆ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਅਮਰੀਕਾ ਨਾਲ ਕੰਮ ਕਰ ਰਹੇ ਹਨ। ਪਨਾਮਾ ‘ਚ ਮੌਜੂਦ 300 ‘ਚੋਂ ਸਿਰਫ 171 ਹੀ ਆਪਣੇ ਦੇਸ਼ ਵਾਪਸ ਜਾਣ ਲਈ ਰਾਜ਼ੀ ਹੋਏ ਹਨ। ਬਾਕੀਆਂ ਨੂੰ ਡੇਰੇ ਵਿਚ ਭੇਜ ਦਿੱਤਾ ਗਿਆ ਹੈ।