#INDIA

ਅਮਰੀਕਾ ਨੇ ਟੀ.ਆਰ.ਐੱਫ. ਨੂੰ ਦਹਿਸ਼ਤੀ ਜਥੇਬੰਦੀ ਐਲਾਨਿਆ

-ਲਸ਼ਕਰ-ਏ-ਤਾਇਬਾ ਨਾਲ ਜੁੜੀ ਜਥੇਬੰਦੀ ਨੇ ਪਹਿਲਗਾਮ ਹਮਲੇ ਦੀ ਲਈ ਸੀ ਜ਼ਿੰਮੇਵਾਰੀ
ਨਵੀਂ ਦਿੱਲੀ, 19 ਜੁਲਾਈ (ਪੰਜਾਬ ਮੇਲ)- ਅਮਰੀਕਾ ਨੇ ਪਹਿਲਗਾਮ ਦਹਿਸ਼ਤੀ ਹਮਲੇ ਲਈ ਜ਼ਿੰਮੇਵਾਰ ਜਥੇਬੰਦੀ ਦਿ ਰਜਿਸਟੈਂਸ ਫਰੰਟ (ਟੀ.ਆਰ.ਐੱਫ.) ਨੂੰ ਵਿਦੇਸ਼ੀ ਅੱਤਵਾਦੀ ਜਥੇਬੰਦੀ ਐਲਾਨਿਆ ਹੈ। ਇਹ ਦਹਿਸ਼ਤੀ ਜਥੇਬੰਦੀ ਲਸ਼ਕਰ-ਏ-ਤਾਇਬਾ ਨਾਲ ਜੁੜੀ ਹੋਈ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਇਕ ਬਿਆਨ ‘ਚ ਕਿਹਾ ਕਿ ਇਹ ਕਾਰਵਾਈ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲਗਾਮ ਹਮਲੇ ਲਈ ਨਿਆਂ ਦੇ ਸੱਦੇ ਨੂੰ ਲਾਗੂ ਕਰਨ ਦੀ ਵਚਨਬੱਧਤਾ ਦਰਸਾਉਂਦਾ ਹੈ। ਵਾਸ਼ਿੰਗਟਨ ‘ਚ ਭਾਰਤੀ ਸਫ਼ਾਰਤਖਾਨੇ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਅਤਿਵਾਦ ਵਿਰੋਧੀ ਸਹਿਯੋਗ ਕਿੰਨਾ ਮਜ਼ਬੂਤ ਹੈ। ਜ਼ਿਕਰਯੋਗ ਹੈ ਕਿ 22 ਅਪਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਦਹਿਸ਼ਤੀ ਹਮਲੇ ‘ਚ 26 ਵਿਅਕਤੀ ਮਾਰੇ ਗਏ ਸਨ ਅਤੇ ਟੀ.ਆਰ.ਐੱਫ. ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧ ਗਿਆ ਸੀ। ਭਾਰਤ ਦੀ ਕੌਮੀ ਜਾਂਚ ਏਜੰਸੀ ਨੇ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਵਜੋਂ ਟੀ.ਆਰ.ਐੱਫ. ਮੁਖੀ ਸ਼ੇਖ਼ ਸੱਜਾਦ ਗੁਲ ਦੀ ਪਛਾਣ ਕੀਤੀ ਹੈ। ਰੂਬੀਓ ਨੇ ਕਿਹਾ ਕਿ ਵਿਦੇਸ਼ ਵਿਭਾਗ ਨੇ ਟੀ.ਆਰ.ਐੱਫ. ਨੂੰ ਵਿਦੇਸ਼ੀ ਅਤਿਵਾਦੀ ਜਥੇਬੰਦੀ (ਐੱਫ.ਟੀ.ਓ.) ਅਤੇ ਵਿਸ਼ੇਸ਼ ਨਾਮਜ਼ਦ ਆਲਮੀ ਦਹਿਸ਼ਤਗਦ (ਐੱਸ.ਡੀ.ਜੀ.ਟੀ.) ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਟੀ.ਆਰ.ਐੱਫ. ਤੇ ਹੋਰਾਂ ਨੂੰ ਕ੍ਰਮਵਾਰ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੀ ਧਾਰਾ 219 ਅਤੇ ਕਾਰਜਕਾਰੀ ਆਦੇਸ਼ 13224 ਅਨੁਸਾਰ ਲਸ਼ਕਰ-ਏ-ਤਾਇਬਾ ਦੇ ਮੌਜੂਦਾ ਉਪਨਾਮ ‘ਚ ਐੱਫ.ਟੀ.ਓ. ਅਤੇ ਐੱਸ.ਡੀ.ਜੀ.ਟੀ. ਵਜੋਂ ਜੋੜਿਆ ਗਿਆ ਹੈ। ਵਿਦੇਸ਼ ਵਿਭਾਗ ਨੇ ਲਸ਼ਕਰ-ਏ-ਤਾਇਬਾ ਨੂੰ ਐੱਫ.ਟੀ.ਓ. ਵਜੋਂ ਨਾਮਜ਼ਦਗੀ ਦੇ ਮਾਮਲੇ ਦੀ ਵੀ ਸਮੀਖਿਆ ਕੀਤੀ ਹੈ ਅਤੇ ਇਸ ਨੂੰ ਬਰਕਰਾਰ ਰੱਖਿਆ ਹੈ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ, ”ਪਹਿਲਗਾਮ ਹਮਲਾ 2008 ‘ਚ ਲਸ਼ਕਰ-ਏ-ਤਾਇਬਾ ਵੱਲੋਂ ਕੀਤੇ ਗਏ ਮੁੰਬਈ ਹਮਲਿਆਂ ਮਗਰੋਂ ਭਾਰਤ ‘ਚ ਆਮ ਲੋਕਾਂ ‘ਤੇ ਕੀਤਾ ਗਿਆ ਸਭ ਤੋਂ ਘਾਤਕ ਹਮਲਾ ਸੀ। ਟੀ.ਆਰ.ਐੱਫ. ਨੇ ਭਾਰਤੀ ਸੁਰੱਖਿਆ ਬਲਾਂ ਖ਼ਿਲਾਫ਼ ਕਈ ਹਮਲਿਆਂ ਦੀ ਵੀ ਜ਼ਿੰਮੇਵਾਰੀ ਲਈ ਹੈ, ਜਿਸ ‘ਚ 2024 ‘ਚ ਹੋਇਆ ਹਮਲਾ ਵੀ ਸ਼ਾਮਲ ਹੈ।” ਟੀ.ਆਰ.ਐੱਫ. ਵਿਰੁੱਧ ਇਹ ਕਾਰਵਾਈ ਭਾਰਤ ਵੱਲੋਂ ਲਗਾਤਾਰ ਬਣਾਏ ਗਏ ਦਬਾਅ ਮਗਰੋਂ ਕੀਤੀ ਗਈ ਹੈ।

ਅਮਰੀਕਾ ਨੇ ਸਹੀ ਸਮੇਂ ‘ਤੇ ਅਹਿਮ ਕਦਮ ਚੁੱਕਿਆ: ਭਾਰਤ
ਨਵੀਂ ਦਿੱਲੀ: ਭਾਰਤ ਨੇ ਅਮਰੀਕਾ ਵੱਲੋਂ ਦਿ ਰਸਿਸਟੈਂਸ ਫਰੰਟ (ਟੀ.ਆਰ.ਐੱਫ.) ਨੂੰ ਦਹਿਸ਼ਤੀ ਜਥੇਬੰਦੀ ਵਜੋਂ ਨਾਮਜ਼ਦ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਹੀ ਸਮੇਂ ‘ਤੇ ਚੁੱਕਿਆ ਗਿਆ ਅਹਿਮ ਕਦਮ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਮਰੀਕਾ ਦੇ ਫ਼ੈਸਲੇ ਨੂੰ ਭਾਰਤ-ਅਮਰੀਕਾ ਵਿਚਾਲੇ ਮਜ਼ਬੂਤ ਅੱਤਵਾਦ ਵਿਰੋਧੀ ਸਹਿਯੋਗ ਦਾ ਸਬੂਤ ਦੱਸਿਆ। ਜੈਸ਼ੰਕਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ‘ਚ ਅਮਰੀਕਾ ਦੇ ਇਸ ਫ਼ੈਸਲੇ ਲਈ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਉਚੇਚੇ ਤੌਰ ‘ਤੇ ਸ਼ਲਾਘਾ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਟੀ.ਆਰ.ਐੱਫ. ਨੂੰ ਪਾਬੰਦੀਸ਼ੁਦਾ ਆਲਮੀ ਅੱਤਵਾਦੀ ਜਥੇਬੰਦੀ ਐਲਾਨੇ ਜਾਣ ਦੇ ਕੁਝ ਘੰਟਿਆਂ ਬਾਅਦ ਭਾਰਤ ਨੇ ਇਹ ਪ੍ਰਤੀਕਰਮ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅੱਤਵਾਦ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਨੂੰ ਲੈ ਕੇ ਵਚਨਬੱਧ ਹੈ ਅਤੇ ਦਹਿਸ਼ਤੀ ਜਥੇਬੰਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਜਵਾਬਦੇਹ ਠਹਿਰਾਉਣ ਲਈ ਉਹ ਆਪਣੇ ਆਲਮੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦਾ ਰਹੇਗਾ।