#AMERICA

ਅਮਰੀਕਾ ਨੇ 20 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ

ਵਾਸ਼ਿੰਗਟਨ ਡੀ.ਸੀ., 24 ਸਤੰਬਰ (ਪੰਜਾਬ ਮੇਲ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਵਿਚ ਰਹਿ ਰਹੇ 20 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਸਵੈ-ਇੱਛਾ ਨਾਲ ਦੇਸ਼ ਨਿਕਾਲੇ ਦੀ ਚੋਣ ਕੀਤੀ ਹੈ ਜਾਂ ਉਨ੍ਹਾਂ ਨੂੰ ਇਥੋਂ ਜ਼ਬਰਦਸਤੀ ਹਟਾ ਦਿੱਤਾ ਗਿਆ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਮੰਗਲਵਾਰ ਸਵੇਰੇ ਐਲਾਨ ਕੀਤਾ ਕਿ ਜਨਵਰੀ ਦੇ ਅਖੀਰ ਤੋਂ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੁਆਰਾ 4 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਗ੍ਰਹਿ ਸੁਰੱਖਿਆ ਵਿਭਾਗ 20 ਜਨਵਰੀ, 2026 ਤੱਕ 6 ਲੱਖ ਹੋਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਕਿਹਾ ਸੀ ਕਿ 1 ਸਾਲ ਵਿਚ 1 ਮਿਲੀਅਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਦੁਆਰਾ ਗ੍ਰਿਫ਼ਤਾਰੀਆਂ, ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀ ਬਜਾਏ 16 ਲੱਖ ਲੋਕਾਂ ਨੇ ਖੁਦ ਹੀ ਅਮਰੀਕਾ ਛੱਡਣ ਦੀ ਚੋਣ ਕੀਤੀ ਹੈ।
ਇੰਨੇ ਥੋੜ੍ਹੇ ਸਮੇਂ ਵਿਚ ਰਾਸ਼ਟਰਪਤੀ ਟਰੰਪ ਦੀ ਸਖਤੀ ਅਤੇ ਹੋਮਲੈਂਡ ਸਕਿਓਰਿਟੀ ਸੈਕਟਰੀ ਕ੍ਰਿਸਟੀ ਨੋਇਮ ਦੀ ਅਗਵਾਈ ਵਿਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਐਕਸ਼ਨ ਲਿਆ ਗਿਆ ਹੈ। ਅਮਰੀਕੀ ਇਤਿਹਾਸ ਵਿਚ ਪਹਿਲਾਂ ਇਹ ਕਦੇ ਵੀ ਨਹੀਂ ਹੋਇਆ। ਕੁੱਝ ਸਮਾਂ ਪਹਿਲਾਂ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਇਮੀਗ੍ਰੇਸ਼ਨ ਨੀਤੀ ਨੂੰ ਲਾਗੂ ਕਰਨ ‘ਚ ਤੇਜ਼ੀ ਲਿਆਉਣ ਲਈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਵੈ-ਇੱਛਾ ਨਾਲ ਦੇਸ਼ ਛੱਡਣ ਦਾ ਸੁਨੇਹਾ ਦਿੱਤਾ ਗਿਆ ਸੀ, ਜੋ ਕਿ ਕਾਮਯਾਬ ਰਿਹਾ। ਹੋਮਲੈਂਡ ਸਕਿਓਰਿਟੀ ਸੈਕਟਰੀ ਕ੍ਰਿਸਟੀ ਨੋਇਮ ਨੇ ਅਗਸਤ ਦੇ ਅੱਧ ਵਿਚ ਕਿਹਾ ਸੀ ਕਿ ਹੁਣ ਤੱਕ 1.6 ਮਿਲੀਅਨ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਗਏ ਹਨ। ਇਸ ਤੋਂ ਬਾਅਦ ਲਗਭਗ 6 ਹਫਤਿਆਂ ਵਿਚ 4 ਲੱਖ ਲੋਕ ਸਵੈ-ਇੱਛਾ ਨਾਲ ਅਮਰੀਕਾ ਛੱਡ ਕੇ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ ਹਨ।
ਅਮਰੀਕੀ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਥੋਂ ਕੱਢਣ ਲਈ 10 ਹਜ਼ਾਰ ਹੋਰ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਸਾਰਾ ਕੁੱਝ ਟਰੰਪ ਦੇ ‘ਵਨ ਬਿਗ ਬਿਊਟੀਫੁੱਲ’ ਬਿੱਲ ਦੇ ਅਧੀਨ ਹੋ ਰਿਹਾ ਹੈ।