ਸੈਕਰਾਮੈਂਟੋ, 7 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਸਿਆਸਤ ਵਿਚ ਐਤਕਾਂ ਵੀ ਪੰਜਾਬੀਆਂ ਨੇ ਆਪਣੀ ਅਹਿਮ ਜਗ੍ਹਾ ਬਣਾਈ। ਬੀਤੇ ਦਿਨੀਂ ਸਥਾਨਕ ਸਰਕਾਰਾਂ ‘ਚ ਤੇ ਕੁਝ ਅਸੈਂਬਲੀ ਸੀਟਾਂ ਦੀਆਂ ਚੋਣਾਂ ਵਿਚ ਪੰਜਾਬੀਆਂ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ ਤੇ ਆਪਣੀ ਦਿੱਖ ਦਾ ਪ੍ਰਭਾਵ ਦਿੱਤਾ। ਇਹ ਭਾਰਤੀ ਮੂਲ ਦੇ ਆਗੂ ਦੋਨੋਂ ਮੁੱਖ ਪਾਰਟੀਆਂ ਡੈਮੋਕ੍ਰੇਟਸ ਤੇ ਰਿਪਬਲੀਕਨ ਨਾਲ ਸਬੰਧ ਰੱਖਦੇ ਹਨ ਪਰੰਤੂ ਅਮਰੀਕਾ ਵਿਚ ਇਮੀਗ੍ਰੇਸ਼ਨ, ਟੈਰਿਫ ਤੇ ਹੋਰ ਮੁੱਦਿਆਂ ਨੂੰ ਲੈ ਕੇ ਸੱਤਾਧਾਰੀ ਰਿਪਬਲੀਕਨ ਪਾਰਟੀ ਵਿਰੁੱਧ ਬਣੇ ਮਾਹੌਲ ਦੇ ਸਿੱਟੇ ਵਜੋਂ ਇਨ੍ਹਾਂ ਚੋਣਾਂ ਵਿਚ ਜ਼ਿਆਦਾਤਰ ਡੈਮੋਕ੍ਰੇਟਸ ਉਮੀਦਵਾਰ ਚੋਣ ਜਿੱਤੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇੱਜ਼ਤ ਦਾ ਸਵਾਲ ਬਣੀ ਨਿਊਯਾਰਕ ਦੇ ਮੇਅਰ ਦੀ ਚੋਣ ਵਿਚ ਵੀ ਭਾਰਤੀ ਮੂਲ ਦੇ ਡੈਮੋਕ੍ਰੇਟਸ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਬਾਜ਼ੀ ਮਾਰੀ ਹੈ। ਡੈਮੋਕ੍ਰੇਟਸ ਪਾਰਟੀ ਦੇ ਆਗੂ ਜੇ.ਜੇ ਸਿੰਘ ਵਰਜੀਨੀਆ ਹਾਊਸ ਆਫ ਡੈਲੀਗੇਟਸ ਵਿਚ ਮੁੜ ਡੈਲੀਗੇਟ ਚੁਣੇ ਗਏ ਹਨ। ਸਵਰਨਜੀਤ ਸਿੰਘ (ਡੈਮੋਕ੍ਰੇਟਸ) ਨੌਰਵਿੱਚ ਸਿਟੀ ਦੇ ਮੇਅਰ ਦੀ ਚੋਣ ਜਿੱਤੇ ਹਨ। ਅਫਤਾਬ ਪੁਰੇਵਾਲ (ਡੈਮੋਕ੍ਰੇਟਸ) ਸਿਨਸਿਨਾਟੀ, ਓਹਾਇਓ ਦੇ ਮੇਅਰ ਦੀ ਚੋਣ ਮੁੜ ਜਿੱਤ ਗਏ ਹਨ। ਰਵੀ ਸਿੰਘ ਭੱਲਾ (ਡੈਮੋਕ੍ਰੇਟਸ) ਨਿਊਜਰਸੀ ਅਸੈਂਬਲੀ ਲਈ 32ਵੇਂ ਜ਼ਿਲ੍ਹੇ ਤੋਂ ਚੋਣ ਜਿੱਤੇ ਹਨ। ਬੀਬੀ ਕਿਮ ਸਿੰਘ ਮੈਸਨ ਸਿਟੀ ਕੌਂਸਲ ਓਹਾਇਓ ਲਈ ਚੁਣੇ ਗਏ ਹਨ। ਸਤਵਿੰਦਰ ਕੌਰ ਕੈਂਟ ਕੌਂਸਲ, ਵਾਸ਼ਿੰਗਟਨ ਲਈ ਚੁਣੇ ਗਏ ਹਨ। ਬਲਵੀਰ ਸਿੰਘ ਸਟੇਟ ਅਸੈਂਬਲੀ ਲੈਜਿਸਲੇਟਿਵ ਡਿਸਟ੍ਰਿਕਟ 7 ਬਰਲਿੰਗਟਨ, ਨਿਊਜਰਸੀ ਲਈ ਮੁੜ ਚੁਣੇ ਗਏ ਹਨ।
ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੀ ਸਿਆਸਤ ਵਿਚ ਪੰਜਾਬੀਆਂ ਦਾ ਦਬਦਬਾ

