#AMERICA

ਅਮਰੀਕਾ ਦੇ ਵਰਜੀਨੀਆ ਰਾਜ ਵਿਚ 6 ਸਾਲਾ ਲੜਕੇ ਵੱਲੋਂ ਆਪਣੀ ਅਧਿਆਪਕਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦੇਣ ਦੇ ਮਾਮਲੇ ਵਿਚ ਮਾਂ ਨੂੰ 21 ਮਹੀਨੇ ਜੇਲ

ਸੈਕਰਾਮੈਂਟੋ,ਕੈਲੀਫੋਰਨੀਆ, 17 ਨਵੰਬਰ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਵਰਜੀਨੀਆ ਰਾਜ ਵਿਚ ਇਕ ਸੰਘੀ ਅਦਾਲਤ ਵੱਲੋਂ ਇਸ ਸਾਲ ਦੇ ਸ਼ੁਰੂ ਵਿਚ ਇਕ 6 ਸਾਲ ਦੇ ਮੁੰਡੇ ਵੱਲੋਂ ਆਪਣੀ ਪਹਿਲੀ ਸ਼੍ਰੇਣੀ ਦੀ ਅਧਿਆਪਕਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦੇਣ ਦੇ ਮਾਮਲੇ ਵਿਚ ਲੜਕੇ ਦੀ ਮਾਂ ਨੂੰ 21 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 26 ਸਾਲਾ ਡੇਜਾ ਟੇਲਰ ਦੇ ਪੁੱਤਰ ਜਿਸ ਦਾ ਨਾਂ ਜਨਤਿਕ ਨਹੀਂ ਕੀਤਾ ਗਿਆ, ਨੇ ਰਿਚਨੈੱਕ ਐਲੀਮੈਂਟਰੀ ਸਕੂਲ ਨਿਊਪੋਰਟ ਨਿਊਜ਼, ਵਰਜੀਨੀਆ ਵਿਚ ਆਪਣੀ ਅਧਿਆਪਕਾ ਐਬੀਗੇਲ ਵਰਨਰ ਉਪਰ 6 ਜਨਵਰੀ ਨੂੰ ਉਸ ਵੇਲੇ ਗੋਲੀ ਚਲਾ ਦਿੱਤੀ ਸੀ ਜਦੋਂ ਉਹ ਕਲਾਸ ਵਿਚ ਪੜਾ ਰਹੀ ਸੀ। ਵਰਨਰ ਦੇ ਹੱਥ ਤੇ ਛਾਤੀ ਵਿਚ ਗੋਲੀ ਵੱਜੀ ਸੀ ਜਿਸ ਕਾਰਨ ਉਹ ਦੋ ਹਫਤੇ ਹਸਪਤਾਲ ਵਿਚ ਰਹੀ ਤੇ ਉਸ ਦੀ ਸਰਜਰੀ ਕੀਤੀ ਗਈ। ਮਾਂ ਉਪਰ ਲਾਪਰਵਾਹੀ ਵਰਤਣ ਦੇ ਦੋਸ਼ ਲੱਗੇ ਸਨ ਜਿਸ ਕਾਰਨ ਉਸ ਦਾ ਪੁੱਤਰ ਉਸ ਦੀ ਗੰਨ ਸਕੂਲ ਲਿਜਾਣ ਵਿਚ ਸਫਲ ਹੋ ਗਿਆ ਸੀ। ਜੱਜ ਨੇ ਟੇਲਰ ਨੂੰ ਗੰਨ ਦੀ ਮਾਲਕ ਹੋਣ ਸਮੇ ਨਸ਼ਾ ਵਰਤਣ ਤੇ ਗੰਨ ਖਰੀਦਣ ਲਈ ਇਕ ਸੰਘੀ ਫਾਰਮ ਭਰਨ ਸਮੇ ਨਸ਼ਾ ਨਾ ਕਰਨ ਦਾ ਝੂਠ ਬੋਲਣ ਦੇ ਦੋਸ਼ਾਂ ਤਹਿਤ ਸਜ਼ਾ ਸੁਣਾਈ ਜਿਨਾਂ ਦੋਸ਼ਾਂ ਨੂੰ ਟੇਲਰ ਨੇ ਇਸ ਸਾਲ ਜੂਨ ਵਿਚ ਸੰਘੀ ਅਦਾਲਤ ਵਿਚ ਮੰਨ ਲਿਆ ਸੀ। ਅਧਿਆਪਕਾ ਵਰਨਰ ਨੇ ਸਕੂਲ ਡਿਸਟ੍ਰਿਕਟ ਵਿਰੁੱਧ ਸਿਰੇ ਦੀ ਲਾਪਰਵਾਹੀ ਵਰਤਣ ਦੇ ਦੋਸ਼ਾਂ ਤਹਿਤ 4 ਕਰੋੜ ਡਾਲਰ ਦਾ ਇਕ ਵੱਖਰਾ ਦਾਅਵਾ ਵੀ ਕੀਤਾ ਹੋਇਆ ਹੈ।