#AMERICA

ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿਚ ਗੋਲੀਬਾਰੀ; ਇਕ ਮੌਤ ਤੇ 7 ਹੋਰ ਜ਼ਖਮੀ

ਸੈਕਰਾਮੈਂਟੋ, 21 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਰਾਜ ਮੈਰੀਲੈਂਡ ਦੇ ਸ਼ਹਿਰ ਪੂਰਬੀ ਬਾਲਟੀਮੋਰ ਵਿਚ ਇਕ ਇਕੱਠ ਉਪਰ ਕੀਤੀ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ 7 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਇਹ ਜਾਣਕਾਰੀ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਬਾਲਟੀਮੋਰ ਦੇ ਪੁਲਿਸ ਕਮਿਸ਼ਨਰ ਰਿਚਰਡ ਵੋਰਲੇਅ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲੀਬਾਰੀ ਦੀ ਘਟਨਾ ਲੰਘੀ ਰਾਤ 8 ਵਜੇ ਦੇ ਆਸਪਾਸ 1300 ਬਲਾਕ ਸਪਰਿੰਗ ਸਟਰੀਟ ਬਾਲਟੀਮੋਰ ਵਿਚ ਵਾਪਰੀ। ਪੁਲਿਸ ਕਮਿਸ਼ਨਰ ਨੇ ਇਕੱਠ ਜਿਸ ਉਪਰ ਗੋਲੀਬਾਰੀ ਹੋਈ ਜਾਂ ਗੋਲੀਬਾਰੀ ਵਿਚ ਸ਼ਾਮਿਲ ਸ਼ੱਕੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਕਮਿਸ਼ਨਰ ਨੇ ਕਿਹਾ ਕਿ ਮੌਕੇ ਤੋਂ ਕਈ ਕਿਸਮ ਦੇ ਅਗਨ ਸ਼ਸ਼ਤਰ ਮਿਲੇ ਹਨ। ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲੀ ਕੀਤੀ ਹੈ ਕਿ ਜੇਕਰ ਕਿਸੇ ਕੋਲ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ। ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਵਿਚ ਇਕ ਤੋਂ ਵਧ ਲੋਕ ਸ਼ਾਮਿਲ ਸਨ। ਪੁਲਿਸ ਦੁਆਰਾ ਜਾਰੀ ਬਿਆਨ ਅਨੁਸਾਰ ਜਦੋਂ ਪੁਲਿਸ ਘਟਨਾ ਸਥਾਨ ‘ਤੇ ਪੁੱਜੀ ਤਾਂ ਉਥੇ ਕਈ ਪੀੜਤ ਮੌਜੂਦ ਸਨ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਇਨਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ। ਕੁਝ ਜ਼ਖਮੀ ਖੁਦ ਹੀ ਹਸਪਤਾਲ ਪਹੁੰਚ ਗਏ ਸਨ। ਜ਼ਖਮੀਆਂ ਵਿਚੋਂ ਇਕ ਐਨਥਨੀ ਮਾਰਟਿਨ (36) ਨਾਮੀ ਵਿਅਕਤੀ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਬਾਕੀ ਜ਼ਖਮੀਆਂ ਦੀ ਹਾਲਤ ਸਥਿੱਰ ਹੈ। ਜ਼ਖਮੀਆਂ ਵਿਚ ਇਕ ਔਰਤ (41) ਤੇ ਬਾਕੀ ਮਰਦ ਸ਼ਾਮਿਲ ਹਨ ਜਿਨਾਂ ਦੀ ਉਮਰ 21 ਤੋਂ 46 ਸਾਲਾਂ ਦੇ ਦਰਮਿਆਨ ਹੈ।
ਕੈਪਸ਼ਨ ਪੁਲਿਸ ਕਮਿਸ਼ਨਰ ਰਿਚਰਡ ਵੋਰਲੇਅ ਗੋਲੀਬਾਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ।