ਸੈਕਰਾਮੈਂਟੋ,ਕੈਲੀਫੋਰਨੀਆ, 15 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਫਲੋਰਿਡਾ ਰਾਜ ਵਿਚ ਇਕ ਵਾਈਲਡ ਲਾਈਫ ਸੈਂਟਰ ਨੂੰ ਲੱਗੀ ਭਿਆਨਕ ਅੱਗ ਕਾਰਨ ਸੈਂਕੜੇ ਪਸ਼ੂ ਤੇ ਪੰਛੀ ਸੜ ਕੇ ਮਾਰੇ ਜਾਣ ਦੀ ਖਬਰ ਹੈ। ਇਨਾਂ ਵਿਚ ਕਈ ਦੁਰਲਭ ਕਿਸਮਾਂ ਦੇ ਜਾਨਵਰ ਵੀ ਸ਼ਾਮਿਲ ਸਨ। ਇਹ ਜਾਣਕਾਰੀ ਪਾਈਨਲਾਸ ਕਾਊਂਟੀ ਸ਼ੈਰਿਫ ਦੇ ਦਫਤਰ ਤੇ ਵਾਈਲਡਲਾਈਫ ਸੈਂਟਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੈਂਟਰ ਵਿਚ 250 ਤੋਂ ਵਧ ਪਸ਼ੂ-ਪੰਛੀ ਸਨ ਜੋ ਤਕਰੀਬਨ ਸਾਰੇ ਹੀ ਅੱਗ ਵਿਚ ਸੜ ਕੇ ਸਵਾਹ ਹੋ ਗਏ। ਐਲੀਗੇਟਰ ਐਂਡ ਵਾਈਲਡਲਾਈਫ ਡਿਸਕਵਰੀ ਸੈਂਟਰ ਮੈਡੀਰਾ ਬੀਚ ਅਨੁਸਾਰ ਇਸ ਸੈਂਟਰ ਵਿਚ ਹੋਰ ਜਾਨਵਰਾਂ ਤੋਂ ਇਲਾਵਾ ਵੱਖ ਵੱਖ ਕਿਸਮ ਦੀਆਂ ਚਿੜੀਆਂ, ਕੱਛੂਕੁਮੇ, ਕਿਰਲੀਆਂ, ਮੱਗਰਮੱਛ ਤੇ ਦੁਧਾਧਾਰੀ ਪਸ਼ੂ ਰਖੇ ਹੋਏ ਸਨ। ਅਧਿਕਾਰੀਆਂ ਅਨੁਸਾਰ ਪਾਈਨਲਾਸ ਕਾਊਂਟੀ ਦੇ ਪੁਲਿਸ ਅਫਸਰ ਜਦੋਂ ਜੌਹਨ’ਜ ਪਾਸ ਵਿਲਜ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨਾਂ ਨੇ ਤੜਕਸਾਰ 3 ਵਜੇ ਦੇ ਕਰੀਬ ਇਕ ਇਮਾਰਤ ਵਿਚੋਂ ਅੱਗ ਦੀਆਂ ਚਿੰਗਾਰੀਆਂ ਤੇ ਧੂੰਆਂ ਨਿਕਲਦਿਆਂ ਵੇਖਿਆ। ਪੁਲਿਸ ਅਫਸਰਾਂ ਨੇ ਤੁਰੰਤ ਅੱਗ ਬੁਝਾਊ ਵਿਭਾਗ ਨੂੰ ਸਹਾਇਤਾ ਲਈ ਬੇਨਤੀ ਕੀਤੀ। ਫਾਇਰ ਵਿਭਾਗ ਦੇ ਚੀਫ ਕਲਿੰਟ ਬੈਲਕ ਅਨੁਸਾਰ ਜਦੋਂ ਮੈਡੀਰਾ ਬੀਚ ਫਾਇਰ ਵਿਭਾਗ ਦਾ ਅਮਲਾ ਮੌਕੇ ਉਪਰ ਪੁੱਜਾ ਤਾਂ ਅੱਗ ਪੂਰੀ ਤਰਾਂ ਫੈਲ ਚੁੱਕੀ ਸੀ। ਉਨਾਂ ਕਿਹਾ ਕਿ ਸ਼ੁਰੂ ਵਿਚ ਅਮਲੇ ਨੇ ਅੰਦਰ ਵੜਕੇ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬਾਅਦ ਵਿਚ ਵਿਗੜ ਰਹੇ ਹਾਲਾਤ ਦੇ ਮੱਦੇਨਜਰ ਅਮਲਾ ਆਪਣੇ ਬਚਾਅ ਵਿਚ ਆ ਗਿਆ ਤੇ ਬਾਹਰੋਂ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਬੈਲਕ ਅਨੁੁਸਾਰ ਹਾਲਾਂ ਕਿ ਅਮਲਾ ਛੇਤੀ ਹੀ ਅੱਗ ਉਪਰ ਕਾਬੂ ਪਾਉਣ ਵਿੱਚ ਸਫਲ ਰਿਹਾ ਪਰੰਤੂ ਉਦੋਂ ਤੱਕ ਬਦਕਿਸਮਤ ਨਾਲ ਬਹੁਤ ਸਾਰੇ ਪਸ਼ੂ ਤੇ ਪੰਛੀ ਆਪਣੀ ਜਾਨ ਗਵਾ ਚੁੱਕੇ ਸਨ। ਅੱਗ ਨਾਲ ਵਾਇਲਡ ਲਾਈਫ ਸੈਂਟਰ ਦੀ ਇਮਾਰਤ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ। ਸ਼ੈਰਿਫ ਦਫਤਰ ਦੇ ਅਧਿਕਾਰੀ ਡੇਵ ਬਰੈਨ ਨੇ ਕਿਹਾ ਹੈ ਕਿ ਅੱਗ ਕਾਰਨ ਵਾਇਲਡ ਲਾਈਫ ਸੈਂਟਰ ਦੇ ਨਾਲ ਨਾਲ ਖੇਤਰ ਵਿਚਲੇ ਹੋਰ ਕਾਰੋਬਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸ਼ੈਰਿਫ ਦਫਤਰ ਅਨੁਸਾਰ ਅੱਗ ਲੱਗਣ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਫਲੋਰਿਡਾ ਦੇ ਸ਼ਹਿਰ ਟੰਪਾ ਦੇ ਦੱਖਣ ਪੱਛਮ ਵਿਚ ਤਕਰੀਬਨ 27 ਮੀਲ ਦੀ ਦੂਰੀ ‘ਤੇ ਮੈਡੀਰਾ ਬੀਚ ਸਥਿੱਤ ਹੈ। ਇਥੇ ਰੋਜਾਨਾ ਭਾਰੀ ਗਿਣਤੀ ਵਿਚ ਸੈਲਾਨੀ ਆਉਂਦੇ ਸਨ। ਬੱਚਿਆਂ ਲਈ ਇਸ ਸੈਂਟਰ ਵਿਚ ਰੱਖੇ ਪਸ਼ੂ-ਪੰਛੀ ਤੇ ਹੋਰ ਜਾਨਵਰ ਵਿਸ਼ੇਸ਼ ਤੌਰ ‘ਤੇ ਖਿੱਚ ਦਾ ਕਾਰਨ ਸਨ।