ਸੈਕਰਾਮੈਂਟੋ, 5 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮਿਸ਼ੀਗਨ ਰਾਜ ਦੇ ਦੂਰ ਦਰਾਜ ਖੇਤਰ ਵਿਚ ਇਕ ਫੌਜੀ ਟਿਕਾਣੇ ਨੇੜੇ ਅੱਧੀ ਰਾਤ ਵੇਲੇ ਘੁੰਮ ਰਹੇ 5 ਚੀਨੀ ਨਾਗਰਿਕਾਂ ਵਿਰੁੱਧ ਸ਼ੱਕੀ ਸਰਗਰਮੀਆਂ ਦੇ ਮਾਮਲੇ ਤਹਿਤ ਦੋਸ਼ ਆਇਦ ਕੀਤੇ ਜਾਣ ਦੀ ਰਿਪੋਰਟ ਹੈ। ਇਹ ਮਾਮਲਾ ਇਕ ਸਾਲ ਦੇ ਵੀ ਵਧ ਸਮੇਂ ਤੋਂ ਪਹਿਲਾਂ ਦਾ ਹੈ, ਜਦੋਂ ਸੁਰੱਖਿਆ ਗਾਰਡਾਂ ਨੂੰ ਚੀਨੀ ਨਾਗਰਿਕਾਂ ਦੀਆਂ ਸਰਗਰਮੀਆਂ ਉਪਰ ਸ਼ੱਕ ਪਿਆ ਸੀ। ਉਸ ਵੇਲੇ ਇਹ ਚੀਨੀ ਨਾਗਰਿਕ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਵਿਦਿਆਰਥੀ ਸਨ। ਸੰਘੀ ਅਦਾਲਤ ਵਿਚ ਦਾਇਰ ਅਪਰਾਧਕ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਹ ਘਟਨਾ ਅਗਸਤ 2023 ‘ਚ ਕੈਂਪ ਗਰੇਲਿੰਗ ਵਿਖੇ ਵਾਪਰੀ ਸੀ ਜਦੋਂ ਚੀਨੀ ਨਾਗਰਿਕਾਂ ਨੇ ਜਾਂਚਕਾਰਾਂ ਨੂੰ ਆਪਣੇ ਦੌਰੇ ਬਾਰੇ ਗੁੰਮਰਾਹ ਕੀਤਾ ਸੀ ਤੇ ਆਪਣੇ ਫੋਨ ਵਿਚੋਂ ਤਸਵੀਰਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਐੱਫ.ਬੀ.ਆਈ. ਅਨੁਸਾਰ ਚੀਨੀ ਨਾਗਰਿਕਾਂ ਨੇ ਅਮਰੀਕਾ ਵਿਚਲੇ ਅਹਿਮ ਫੌਜੀ ਟਿਕਾਣਿਆਂ ਦੀਆਂ ਤਸਵੀਰਾਂ ਖਿੱਚੀਆਂ ਹਨ। ਡੈਟਰਾਇਟ ਵਿਚਲੇ ਯੂ.ਐੱਸ. ਅਟਾਰਨੀ ਦੇ ਦਫਤਰ ਦੇ ਇਕ ਬੁਲਾਰੇ ਗਿਨਾ ਬਲਾਇਆ ਨੇ ਕਿਹਾ ਹੈ ਕਿ ਹਾਲਾਂਕਿ ਚੀਨੀ ਨਾਗਰਿਕ ਇਸ ਸਮੇਂ ਪੁਲਿਸ ਹਿਰਾਸਤ ਵਿਚ ਨਹੀਂ ਹਨ ਪਰੰਤੂ ਉਨ੍ਹਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਨ੍ਹਾਂ ਨੂੰ ਸ਼ੱਕੀ ਸਰਗਰਮੀਆਂ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ। ਐੱਫ.ਬੀ.ਆਈ. ਅਨੁਸਾਰ ਚੀਨੀ ਨਾਗਰਿਕਾਂ ਨੂੰ ਅੱਧੀ ਰਾਤ ਵੇਲੇ ਇਕ ਝੀਲ ਨੇੜੇ ਉਟਾਹ ਨੈਸ਼ਨਲ ਗਾਰਡ ਦੇ ਇਕ ਸਾਰਜੈਂਟ ਮੇਜਰ ਨੇ ਵੇਖਿਆ ਸੀ ਤੇ ਉਸ ਸਮੇਂ ਇਨ੍ਹਾਂ ਵਿਚੋਂ ਇਕ ਨੇ ਕਿਹਾ ਸੀ ਕਿ ਉਹ ਮੀਡੀਆ ਦੇ ਬੰਦੇ ਹਨ। ਉਸ ਸਮੇ ਚੀਨੀ ਨਾਗਰਿਕ ਆਪਣਾ ਸਮਾਨ ਸਮੇਟ ਕੇ ਖੇਤਰ ਵਿਚੋਂ ਚਲੇ ਗਏ ਸਨ। ਬਾਅਦ ਵਿਚ ਐੱਫ.ਬੀ.ਆਈ. ਨੂੰ ਪਤਾ ਲੱਗਾ ਕਿ ਚੀਨੀ ਨਾਗਰਿਕਾਂ ਨੇ ਨੇੜੇ ਇਕ ਮੋਟਲ ਵਿਚ ਕਮਰਾ ਵੀ ਕਿਰਾਏ ‘ਤੇ ਲਿਆ ਹੋਇਆ ਸੀ, ਤਾਂ ਜੋ ਖੇਤਰ ਵਿਚ ਆਪਣੀਆਂ ਸਰਗਰਮੀਆਂ ਜਾਰੀ ਰੱਖ ਸਕਣ।
ਅਮਰੀਕਾ ਦੇ ਅਹਿਮ ਫੌਜੀ ਟਿਕਾਣੇ ਨੇੜੇ ਅੱਧੀ ਰਾਤ ਨੂੰ ਘੁੰਮ ਰਹੇ 5 ਚੀਨੀ ਨਾਗਰਿਕਾਂ ਵਿਰੁੱਧ ਸ਼ੱਕੀ ਗਤੀਵਿੱਧੀਆਂ ਤਹਿਤ ਦੋਸ਼ ਆਇਦ
