ਸੈਕਰਾਮੈਂਟੋ, 23 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੇ 3 ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਰਿਪਬਲੀਕਨ ਪ੍ਰਤੀਨਿੱਧ ਨੈਨਸੀ ਮੇਸ ਦੁਆਰਾ ਪੇਸ਼ ਕੀਤੀ ਉਸ ਪ੍ਰਸਤਾਵਿਤ ਸੰਵਿਧਾਨਕ ਸੋਧ ਦਾ ਜ਼ੋਰਦਾਰ ਵਿਰਧ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਤੋਂ ਬਾਹਰ ਪੈਦਾ ਹੋਏ ਵਿਅਕਤੀਆਂ ‘ਤੇ ਕਾਂਗਰਸ, ਸੰਘੀ ਨਿਆਂਪਾਲਿਕਾ ਤੇ ਸੈਨੇਟ ਦੁਆਰਾ ਪੁਸ਼ਟੀ ਵਾਲੇ ਅਹੁਦਿਆਂ ‘ਤੇ ਕੰਮ ਕਰਨ ਉਪਰ ਰੋਕ ਲਾਈ ਜਾਵੇ। ਡੈਮੋਕ੍ਰੈਟਿਕ ਪ੍ਰਤੀਨਿੱਧ ਭਾਰਤੀ ਮੂਲ ਦੇ ਪ੍ਰਾਮਿਲਾ ਜਯਾਪਾਲ, ਰਾਜਾ ਕਿਸ਼ਨਾਮੂਰਤੀ ਤੇ ਸ਼੍ਰੀ ਥਾਨੇਦਾਰ ਜੋ ਅਮਰੀਕਾ ਤੋਂ ਬਾਹਰ ਪੈਦਾ ਹੋਏ ਸਨ ਤੇ ਬਾਅਦ ਵਿਚ ਅਮਰੀਕੀ ਨਾਗਰਿਕ ਬਣੇ ਸਨ, ਨੇ ਇਸ ਪ੍ਰਸਤਾਵਿਤ ਸੋਧ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਅਮਰੀਕੀ ਲੋਕਤੰਤਰਿਕ ਕਦਰਾਂ-ਕੀਮਤਾਂ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵਿਤ ਸੋਧ ਇਮੀਗ੍ਰੇਸ਼ਨ ਤੇ ਨਾਗਰਿਕਤਾ ਬਾਰੇ ਅਮਰੀਕੀ ਆਦਰਸ਼ਾਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਮੇਸ ਦੀ ਤਜਵੀਜ਼ ਅਮਰੀਕੀ ਸਿਧਾਂਤਾਂ ਨਾਲ ਗਦਾਰੀ ਹੈ, ਜਿਨ੍ਹਾਂ ਸਿਧਾਂਤਾਂ ਕਰਕੇ ਅਮਰੀਕੀ ਲੋਕਤੰਤਰ ਦੀ ਵਿਸ਼ਵ ਵਿਚ ਪਛਾਣ ਹੈ। ਕ੍ਰਿਸ਼ਨਾਮੂਰਤੀ ਨੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਬਿਆਨ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਕਿਹਾ ਸੀ ਕਿ ਵਿਸ਼ਵ ਦੇ ਕਿਸੇ ਵੀ ਕੋਨੇ ਵਿਚੋਂ ਕੋਈ ਵੀ ਵਿਅਕਤੀ ਅਮਰੀਕਾ ਆ ਸਕਦਾ ਹੈ ਤੇ ਇਸ ਦਾ ਨਾਗਰਿਕ ਬਣ ਸਕਦਾ ਹੈ। ਡੈਮੋਕ੍ਰੈਟਿਕਸ ਸੰਸਦ ਮੈਂਬਰਾਂ ਨੇ ਕਿਹਾ ਕਿ ਦੇਸ਼ ਭਗਤੀ ਜਨਮ ਸਥਾਨ ਤੋਂ ਨਹੀਂ, ਬਲਕਿ ਕਰਮਾਂ ਤੋਂ ਨਾਪੀ ਜਾਂਦੀ ਹੈ। ਜਯਾਪਾਲ ਜੋ ਭਾਰਤ ਵਿਚ ਪੈਦਾ ਹੋਈ ਸੀ ਤੇ 2000 ਵਿਚ ਅਮਰੀਕੀ ਨਾਗਰਿਕ ਬਣੀ ਸੀ, ਨੇ ਪ੍ਰਸਤਾਵਿਤ ਸੋਧ ਨੂੰ ਨਸਲੀ ਕਰਾਰ ਦਿੰਦਿਆਂ ਕਿਹਾ ਕਿ ਇਸ ਦੁਆਰਾ ਦੇਸ਼ ਦੀ ਪ੍ਰਵਾਸ ਸਬੰਧੀ ਵਿਰਾਸਤ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ।
ਅਮਰੀਕਾ ਤੋਂ ਬਾਹਰ ਜਨਮੇ ਵਿਅਕਤੀਆਂ ਨੂੰ ਚੋਣ ਲੜਨ ਤੋ ਰੋਕਣ ਲਈ ਪ੍ਰਸਤਾਵਿਤ ਸੋਧ ਦਾ ਜ਼ਬਰਦਸਤ ਵਿਰੋਧ

