-ਅਮਰੀਕਾ ‘ਚ ਰਹਿ ਰਹੇ 18000 ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਵੀ ਲਟਕੀ ਤਲਵਾਰ
ਅੰਮ੍ਰਿਤਸਰ/ਨਵੀਂ ਦਿੱਲੀ, 5 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ ਸਖ਼ਤ ਸਮੂਹਿਕ ਦੇਸ਼ ਨਿਕਾਲੇ ਦੀ ਮੁਹਿੰਮ ਤਹਿਤ ਇਕ ਅਮਰੀਕੀ ਫੌਜੀ ਸੀ-17 ਜਹਾਜ਼ 205 ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚ ਚੁੱਕਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਵਿਚੋਂ ਕ੍ਰਿਮੀਨਲ ਰਿਕਾਰਡ ਵਾਲੇ ਲੋਕਾਂ ਨੂੰ ਏਅਰਪੋਰਟ ‘ਤੇ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪਹਿਲਾਂ ਇਹ ਜਹਾਜ਼ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਾ ਸੀ।
ਵਾਪਸ ਲਿਆਂਦੇ ਗਏ 205 ਭਾਰਤੀਆਂ ਵਿਚੋਂ 104 ਦੀ ਲਿਸਟ ਸਾਹਮਣੇ ਆਈ ਹੈ, ਜਿਨ੍ਹਾਂ ਵਿਚੋਂ 30 ਪੰਜਾਬ ਤੋਂ ਹਨ, 2 ਚੰਡੀਗੜ੍ਹ ਤੋਂ, ਜਦਕਿ 33 ਹਰਿਆਣਾ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ 33 ਗੁਜਰਾਤ ਤੋਂ, 3 ਉੱਤਰ ਪ੍ਰਦੇਸ਼ ਅਤੇ 3 ਮਹਾਰਾਸ਼ਟਰ ਤੋਂ ਹਨ। ਸੂਤਰਾਂ ਮੁਤਾਬਕ ਇਨ੍ਹਾਂ ਵਿਚ 13 ਨਾਬਾਲਗ ਵੀ ਸ਼ਾਮਲ ਹਨ, ਜੋ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ।
ਲਿਸਟ ਵਿਚ ਸ਼ਾਮਲ ਪੰਜਾਬੀਆਂ ‘ਚ ਜ਼ਿਆਦਾਤਰ ਲੋਕ ਦੋਆਬੇ ਨਾਲ ਸਬੰਧਤ ਹਨ, ਜਿਨ੍ਹਾਂ ‘ਚੋਂ 4 ਲੋਕ ਜਲੰਧਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਭੁਲੱਥ, ਕਪੂਰਥਲਾ, ਪਟਿਆਲਾ, ਅੰਮ੍ਰਿਤਸਰ, ਜਗਰਾਓਂ ਤੇ ਹੋਰ ਇਲਾਕਿਆਂ ਦੇ ਲੋਕ ਵੀ ਜਹਾਜ਼ ਵਿਚ ਸ਼ਾਮਲ ਹਨ। ਇਨ੍ਹਾਂ ਵਿਚ ਤਿੰਨ ਕੁੜੀਆਂ ਵੀ ਸ਼ਾਮਲ ਹਨ। ਇਹ ਤਿੰਨੋ ਅੰਮ੍ਰਿਤਸਰ, ਜਗਰਾਓਂ ਅਤੇ ਭੁਲੱਥ ਨਾਲ ਸਬੰਧਤ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਦੀ ਉਮਰ ਹੀ 30 ਸਾਲ ਤੋਂ ਘੱਟ ਹੈ। ਭੁਲੱਥ ਦਾ ਹੀ 10 ਸਾਲ ਦਾ ਬੱਚਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਕਪੂਰਥਲਾ ਦੇ 6, ਅੰਮ੍ਰਿਤਸਰ 5, ਜਲੰਧਰ ਤੇ ਪਟਿਆਲਾ ਦੇ 4-4 ਤੇ ਹੁਸ਼ਿਆਰਪੁਰ ਦੇ 2 ਲੋਕ ਸ਼ਾਮਲ ਹਨ।
ਪੰਜਾਬ ਪੁਲਿਸ ਨੇ ਅਪਰਾਧਿਕ ਪਿਛੋਕੜ ਵਾਲੇ ਕਰੀਬ 100 ਲੋੜੀਂਦੇ ਅਪਰਾਧੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਵਿਚੋਂ 20 ਜਣਿਆਂ ਦੇ ਅਮਰੀਕਾ ਵਿਚ ਲੁਕੇ ਹੋਣ ਦਾ ਖ਼ਦਸ਼ਾ ਹੈ। ਪੰਜਾਬ ਪੁਲਿਸ ਨੇ ਇਹ ਦਾਅਵਾ ਅਜਿਹੇ ਮੌਕੇ ਕੀਤਾ ਹੈ, ਜਦੋਂ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕੀ ਫੌਜੀ ਮਾਲਵਾਹਕ ਜਹਾਜ਼ ਭਾਰਤ ਪਹੁੰਚਿਆ ਹੈ। ਪੰਜਾਬ ਪੁਲਿਸ ਕੋਲ ਹਾਲਾਂਕਿ ਵਾਪਸ ਭਾਰਤ ਭੇਜੇ ਗਏ ਗ਼ੈਰਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਪ੍ਰਵਾਸੀਆਂ ਦੀ ਪਛਾਣ ਅਤੇ ਡਿਪੋਰਟੇਸ਼ਨ ਦੀ ਪ੍ਰਕਿਰਿਆ ਦੇ ਸਬੰਧ ਵਿਚ ਵਿਦੇਸ਼ ਤੇ ਗ੍ਰਹਿ ਮੰਤਰਾਲਿਆਂ ਦੇ ਨਾਲ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਸੰਪਰਕ ਵਿਚ ਹੈ।
ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਇਹ ਘਟਨਾ ਇੱਕ ਸਪੱਸ਼ਟ ਸੰਦੇਸ਼ ਦਿੰਦੀ ਹੈ ਕਿ ਅਮਰੀਕਾ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨਾਲ ਕੋਈ ਜ਼ੋਖਮ ਨਹੀਂ ਲੈਣ ਵਾਲਾ। ਉਨ੍ਹਾਂ ਕਿਹਾ, ”ਮੈਨੂੰ ਭਾਰਤ ਭੇਜੇ ਜਾਣ ਵਾਲੇ ਜਹਾਜ਼ ਦੀਆਂ ਰਿਪੋਰਟਾਂ ‘ਤੇ ਕਈ ਪੁੱਛਗਿੱਛਾਂ ਮਿਲੀਆਂ ਹਨ। ਮੈਂ ਉਨ੍ਹਾਂ ਦੀਆਂ ਪੁੱਛਗਿੱਛਾਂ ‘ਤੇ ਕੋਈ ਵੇਰਵਾ ਸਾਂਝਾ ਨਹੀਂ ਕਰ ਸਕਦਾ, ਪਰ ਮੈਂ ਰਿਕਾਰਡ ‘ਤੇ ਇਹ ਸਾਂਝਾ ਕਰ ਸਕਦਾ ਹਾਂ ਕਿ ਅਮਰੀਕਾ ਆਪਣੀ ਸਰਹੱਦ, ਇਮੀਗ੍ਰੇਸ਼ਨ ਅਤੇ ਹੋਰ ਏਜੰਸੀਆਂ ਦੀ ਸਖ਼ਤੀ ਨਾਲ ਰੱਖਿਆ ਕਰ ਰਿਹਾ ਹੈ।”
ਇਕ ਰਿਪੋਰਟ ਅਨੁਸਾਰ, ਅਮਰੀਕਾ ਵਿਚ 18000 ਤੋਂ ਵੱਧ ਭਾਰਤੀ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ। ਅਜਿਹੇ ਭਾਰਤੀਆਂ ਦੇ ਵੀਜ਼ੇ ਜਾਂ ਤਾਂ ਖਤਮ ਹੋ ਗਏ ਹਨ ਜਾਂ ਉਹ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਏ ਹਨ। ਇਹ ਡਰ ਹੈ ਕਿ ਅਮਰੀਕਾ ਭਵਿੱਖ ਵਿਚ ਹੋਰ ਬਹੁਤ ਸਾਰੇ ਭਾਰਤੀਆਂ ਨੂੰ ਵਾਪਸ ਭੇਜਣ ਵਾਲਾ ਹੈ। ਅਮਰੀਕਾ ਵਿਚ ਜਿਨ੍ਹਾਂ ਭਾਰਤੀਆਂ ਦੇ ਸਿਰ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ, ਉਨ੍ਹਾਂ ਵਿਚੋਂ ਬਹੁਤੇ ‘ਡੰਕੀ ਰੂਟ’ ਰਾਹੀਂ ਜਾਂ ਗੈਰਕਾਨੂੰਨੀ ਤਰੀਕੇ ਨਾਲ ਲੱਖਾਂ ਰੁਪਏ ਖਰਚ ਕੇ ਅਮਰੀਕਾ ਦਾਖ਼ਲ ਹੋਏ ਸਨ।
ਦੱਸ ਦੇਈਏ ਕਿ ਟਰੰਪ ਨੇ ਪਿਛਲੇ ਮਹੀਨੇ ਪੱਤਰਕਾਰਾਂ ਨੂੰ ਕਿਹਾ ਸੀ, ”ਇਤਿਹਾਸ ਵਿਚ ਪਹਿਲੀ ਵਾਰ, ਅਸੀਂ ਗੈਰ-ਕਾਨੂੰਨੀ ਵਿਦੇਸ਼ੀਆਂ ਦਾ ਪਤਾ ਲਗਾ ਰਹੇ ਹਾਂ ਅਤੇ ਉਨ੍ਹਾਂ ਨੂੰ ਫੌਜੀ ਜਹਾਜ਼ਾਂ ਵਿਚ ਉਨ੍ਹਾਂ ਦੇ ਦੇਸ਼ ਵਾਪਸ ਭੇਜ ਰਹੇ ਹਾਂ।” ਭਾਰਤ ਨੇ ਕਿਹਾ ਹੈ ਕਿ ਉਹ ਇਸ ਮੁੱਦੇ ‘ਤੇ ਅਮਰੀਕੀ ਪ੍ਰਸ਼ਾਸਨ ਦੀ ਮਦਦ ਕਰੇਗਾ। ਹਾਲ ਹੀ ਵਿਚ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਇਸ ਮਾਮਲੇ ਵਿਚ ਅਮਰੀਕਾ ਦੀ ਮਦਦ ਕਰਨ ਲਈ ਤਿਆਰ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੁਬੀਓ ਨੇ ਪਿਛਲੇ ਮਹੀਨੇ ਵਾਸ਼ਿੰਗਟਨ ‘ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਆਪਣੀ ਪਹਿਲੀ ਦੋ-ਪੱਖੀ ਬੈਠਕ ਦੌਰਾਨ ‘ਅਨਿਯਮਿਤ ਮਾਈਗ੍ਰੇਸ਼ਨ’ ‘ਤੇ ਚਿੰਤਾ ਪ੍ਰਗਟਾਈ ਸੀ। ਇਸ ਕੜੀ ‘ਚ ਟਰੰਪ ਪ੍ਰਸ਼ਾਸਨ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ‘ਚ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਹੈ ਅਤੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਨਾਲ ਹੀ, ਪ੍ਰਵਾਸੀਆਂ ਨੂੰ ਰੱਖਣ ਲਈ ਮਿਲਟਰੀ ਬੇਸ ਖੋਲ੍ਹ ਰਿਹਾ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਹੁਣ ਤੱਕ ਅਮਰੀਕੀ ਫੌਜੀ ਜਹਾਜ਼ਾਂ ਨੇ ਪ੍ਰਵਾਸੀਆਂ ਨੂੰ ਗਵਾਟੇਮਾਲਾ, ਪੇਰੂ ਅਤੇ ਹੋਂਡੁਰਾਸ ਪਹੁੰਚਾਇਆ ਹੈ। ਧਿਆਨਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਜਾਂ 13 ਫਰਵਰੀ ਨੂੰ ਅਮਰੀਕਾ ਦਾ ਦੌਰਾ ਕਰਨ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਦੇ ਪ੍ਰੋਗਰਾਮ ਦਰਮਿਆਨ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜਣ ਦੀ ਗੱਲ ਸਾਹਮਣੇ ਆਈ ਹੈ।
ਅੰਮ੍ਰਿਤਸਰ ਐਡਮਨਿਸਟ੍ਰੇਸ਼ਨ ਨਾਲ ਜੁੜੇ ਸੂਤਰਾਂ ਅਨੁਸਾਰ, ਅਮਰੀਕੀ ਜਹਾਜ਼ ‘ਚ ਆ ਰਹੇ ਸਾਰੇ ਲੋਕਾਂ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਦਸਤਾਵੇਜ਼ ਚੈੱਕ ਕੀਤੇ ਜਾਣਗੇ। ਇਮੀਗ੍ਰੇਸ਼ਨ ਆਦਿ ਤੋਂ ਇਲਾਵਾ ਇਨ੍ਹਾਂ ਲੋਕਾਂ ਦਾ ਪੂਰਾ ਬੈਕਗਰਾਊਂਡ, ਖਾਸ ਕਰ ਕੇ ਕ੍ਰਿਮੀਨਲ ਰਿਕਾਰਡ ਵੀ ਚੈੱਕ ਕੀਤਾ ਜਾਵੇਗਾ। ਜੇ ਕਿਸੇ ਦਾ ਕ੍ਰਿਮੀਨਲ ਰਿਕਾਰਡ ਨਿਕਲਿਆ ਤਾਂ ਉਸ ਨੂੰ ਏਅਰਪੋਰਟ ‘ਤੇ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਪ੍ਰਕਿਰਿਆ ‘ਚ ਪੂਰਾ ਦਿਨ ਲੱਗ ਸਕਦਾ ਹੈ। ਸੂਤਰਾਂ ਅਨੁਸਾਰ, ਅਮਰੀਕਾ ਤੋਂ ਡਿਪੋਰਟ ਹੋਏ ਇਨ੍ਹਾਂ ਭਾਰਤੀਆਂ ‘ਚ ਕੁਝ ਲੋਕ ਅਜਿਹੇ ਹੋ ਸਕਦੇ ਹਨ, ਜੋ ਭਾਰਤ ‘ਚ ਕੋਈ ਨਾ ਕੋਈ ਅਪਰਾਧ ਕਰਕੇ ਅਮਰੀਕਾ ਨਿਕਲ ਗਏ ਹੋਣ।
ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜੇ ਜਾਣ ਦੀਆਂ ਖਬਰਾਂ ਦਰਮਿਆਨ ਇਥੇ ਅਮਰੀਕੀ ਦੂਤਘਰ ਨੇ ਕਿਹਾ ਕਿ ਅਮਰੀਕਾ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤ ਕਰ ਰਿਹਾ ਹੈ। ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਲਈ ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਲਗਭਗ 2 ਹਫ਼ਤਿਆਂ ਬਾਅਦ ਗ਼ੈਰ-ਕਾਨੂੰਨੀ ਭਾਰਤੀ ਨਾਗਰਿਕਾਂ ਨੂੰ ਦੇਸ਼ ‘ਚੋਂ ਕੱਢਣ ਦਾ ਪਹਿਲਾ ਦੌਰ ਸ਼ੁਰੂ ਹੋਇਆ ਹੈ। ਟਰੰਪ ਨੇ ਅਮਰੀਕਾ ‘ਚ ਰਹਿਣ ਵਾਲੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਲਈ ਸਖ਼ਤ ਨੀਤੀਗਤ ਦ੍ਰਿਸ਼ਟੀਕੋਣ ਅਪਣਾਉਣ ਦਾ ਵਾਅਦਾ ਕੀਤਾ ਹੈ ਅਤੇ ਉਹ ਪਹਿਲਾਂ ਹੀ ਇਮੀਗ੍ਰੇਸ਼ਨ ਨਾਲ ਸਬੰਧਤ ਕਈ ਸਰਕਾਰੀ ਹੁਕਮਾਂ ‘ਤੇ ਦਸਤਖ਼ਤ ਕਰ ਚੁੱਕੇ ਹਨ।