#AMERICA

ਅਮਰੀਕਾ ਟਰੱਕ ਹਾਦਸਾ: ਪੰਜਾਬੀ ਨੌਜਵਾਨ ਨੂੰ ਹੋ ਸਕਦੀ ਹੈ 45 ਸਾਲ ਦੀ ਜੇਲ੍ਹ

ਵਾਸ਼ਿੰਗਟਨ/ਤਰਨਤਾਰਨ, 25 ਅਗਸਤ (ਪੰਜਾਬ ਮੇਲ)-12 ਅਗਸਤ ਦੀ ਦੁਪਹਿਰ ਅਮਰੀਕਾ ‘ਚ ਟਰੱਕ ਚਲਾਉਂਦੇ ਸਮੇਂ ਹੋਏ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਲਈ ਹਰਜਿੰਦਰ ਸਿੰਘ ਨਾਂ ਦੇ ਡਰਾਈਵਰ ਦੀ ਜ਼ਿੰਮੇਵਾਰੀ ਦਾ ਫੈਸਲਾ ਅਜੇ ਤਕ ਅਮਰੀਕੀ ਅਦਾਲਤ ਨੇ ਨਹੀਂ ਕੀਤਾ ਹੈ, ਪਰ ਉਥੇ ਦੇ ਕਾਨੂੰਨ ਮੁਤਾਬਕ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਸਕਦੀ ਹੈ। ਇਸ ਸੰਦਰਭ ‘ਚ ਹਰਜਿੰਦਰ ਸਿੰਘ ਦਾ ਪਰਿਵਾਰ ਚਿੰਤਤ ਹੈ। ਹਰਜਿੰਦਰ ਦਾ ਭਰਾ, ਭਾਬੀ ਤੇ ਮਾਂ ਲਗਾਤਾਰ ਚਾਰ ਦਿਨਾਂ ਤੋਂ ਘਰ ਤੋਂ ਬਾਹਰ ਨਹੀਂ ਨਿਕਲੇ। ਹਾਲਾਂਕਿ ਪਰਿਵਾਰ ਜਨਤਕ ਤੌਰ ‘ਤੇ ਕੁਝ ਨਹੀਂ ਕਹਿ ਰਿਹਾ, ਪਰ ਪਿੰਡ ਦੇ ਲੋਕ ਹਰਜਿੰਦਰ ਸਿੰਘ ਤੇ ਉਸ ਦੇ ਪਰਿਵਾਰ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਟੌਲ ਦੇ ਕਿਸਾਨ ਕਾਬਲ ਸਿੰਘ ਦੀ 2020 ‘ਚ ਕੋਰੋਨਾ ਕਾਰਨ ਮੌਤ ਹੋ ਗਈ ਸੀ। ਕਾਬਲ ਸਿੰਘ ਦਾ ਛੋਟਾ ਪੁੱਤਰ ਹਰਜਿੰਦਰ ਸਿੰਘ (ਜਿਸ ਦੇ ਪਰਿਵਾਰ ਕੋਲ ਲਗਪਗ 14 ਏਕੜ ਜ਼ਮੀਨ ਹੈ) 2018 ‘ਚ ਅਮਰੀਕਾ ਚਲਾ ਗਿਆ ਸੀ। ਹਰਜਿੰਦਰ ਸਿੰਘ ਦਾ ਵੱਡਾ ਭਰਾ ਤਜਿੰਦਰ ਸਿੰਘ ਪਿੰਡ ਵਿਚ ਹੀ ਖੇਤੀਬਾੜੀ ਦਾ ਕੰਮ ਦੇਖਦਾ ਹੈ। ਹਰਜਿੰਦਰ ਸਿੰਘ ਅਮਰੀਕਾ ‘ਚ ਟਰੱਕ ਡਰਾਈਵਰ ਦੇ ਤੌਰ ‘ਤੇ ਕੰਮ ਕਰਨ ਲੱਗਾ। 12 ਅਗਸਤ ਦੀ ਦੁਪਹਿਰ ਨੂੰ ਹਰਜਿੰਦਰ ਸਿੰਘ ਦਾ ਟਰੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਅਮਰੀਕਾ ਦੇ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਅਮਰੀਕੀ ਕਾਨੂੰਨ ਮੁਤਾਬਕ ਜੇਕਰ ਕਿਸੇ ਦੁਰਘਟਨਾ ‘ਚ ਇਕ ਵਿਅਕਤੀ ਦੀ ਮੌਤ ਹੁੰਦੀ ਹੈ, ਤਾਂ ਮੁਲਜ਼ਮ ਡਰਾਈਵਰ ਨੂੰ ਇਕ ਮੌਤ ਲਈ 15 ਸਾਲ ਦੀ ਜੇਲ੍ਹ ਦੀ ਸਜ਼ਾ ਹੁੰਦੀ ਹੈ। ਇਸ ਤਰ੍ਹਾਂ, ਇਹ ਸੰਭਾਵਨਾ ਹੈ ਕਿ ਹਰਜਿੰਦਰ ਸਿੰਘ ਨੂੰ 45 ਸਾਲ ਦੀ ਜੇਲ੍ਹ ਹੋ ਸਕਦੀ ਹੈ। ਪਿੰਡ ਰਟੌਲ ਦੇ ਸਾਰੇ ਨਿਵਾਸੀ ਹਰਜਿੰਦਰ ਸਿੰਘ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਜਦੋਂਕਿ ਉਕਤ ਯੁਵਕ ਦਾ ਭਰਾ ਹਰਜਿੰਦਰ ਸਿੰਘ ਮੀਡੀਆ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਕਤਰਾਉਂਦਾ ਹੈ, ਪਰ ਪਰਿਵਾਰ ਇਸ ਸਮੇਂ ਚਿੰਤਾ ਦੇ ਦੌਰ ਤੋਂ ਗੁਜ਼ਰ ਰਿਹਾ ਹੈ।
ਹਰਜਿੰਦਰ ਸਿੰਘ ਦੇ ਕਰੀਬੀ ਦੋਸਤ ਗੁਰਸੇਵਕ ਸਿੰਘ, ਮਹਿਪਾਲ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਮਰੀਕਾ ‘ਚ ਹੋਏ ਹਾਦਸੇ ਤੋਂ ਬਾਅਦ ਭਾਵੇਂ ਹਰਜਿੰਦਰ ਸਿੰਘ ਦਾ ਪਰਿਵਾਰ ਜਨਤਕ ਤੌਰ ‘ਤੇ ਕੁਝ ਨਹੀਂ ਕਹਿ ਰਿਹਾ, ਪਰ ਪੂਰਾ ਪਿੰਡ ਇਸ ਪਰਿਵਾਰ ਦੇ ਉੱਜਲ ਭਵਿੱਖ ਲਈ ਗੁਰੂ ਘਰ ‘ਚ ਅਰਦਾਸ ਕਰ ਰਿਹਾ ਹੈ। ਗ੍ਰਾਮੀਣ ਮੰਜੀਤ ਸਿੰਘ, ਕਾਬਲ ਸਿੰਘ ਤੇ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਖੁਸ਼ੀ ਨਹੀਂ ਮਨਾਈ ਜਾ ਰਹੀ। ਬਲਕਿ ਹਰਜਿੰਦਰ ਸਿੰਘ ਦੀ ਚੰਗੀ ਖਬਰ ਲਈ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਸਵੇਰੇ-ਸ਼ਾਮ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਦੁਨੀਆਂ ਭਰ ਦੇ ਲੋਕ ਜਾਣਦੇ ਹਨ ਕਿ ਅਮਰੀਕਾ ‘ਚ ਹਾਦਸੇ ਦੌਰਾਨ ਗ੍ਰਿਫ਼ਤਾਰ ਟਰੱਕ ਡਰਾਈਵਰ ਨੂੰ ਉਥੇ ਦੇ ਕਾਨੂੰਨ ਮੁਤਾਬਕ ਕੜੀ ਸਜ਼ਾ ਮਿਲਦੀ ਹੈ। ਇਸ ਤਰ੍ਹਾਂ, ਜੇਕਰ ਹਰਜਿੰਦਰ ਸਿੰਘ ਨੂੰ ਨਹੀਂ ਬਚਾਇਆ ਗਿਆ, ਤਾਂ ਉਸ ਨੂੰ 45 ਸਾਲ ਦੀ ਜੇਲ੍ਹ ਹੋ ਸਕਦੀ ਹੈ।
ਅਮਰੀਕਾ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਟਰੱਕ ਡਰਾਈਵਰ ਨੇ ਹਰਜਿੰਦਰ ਸਿੰਘ ਨੂੰ ਬਚਾਉਣ ਲਈ ਇਕ ਵੈਬਸਾਈਟ ਜ਼ਰੀਏ ਆਨਲਾਈਨ ਮੁਹਿੰਮ ਚਲਾਈ ਹੈ, ਜਿਸ ਮੁਤਾਬਕ ਵੱਖ-ਵੱਖ ਦੇਸ਼ਾਂ ਦੇ ਲਗਪਗ 11 ਲੱਖ 61 ਹਜ਼ਾਰ ਲੋਕਾਂ ਨੇ ਕਾਨੂੰਨੀ ਤੌਰ ‘ਤੇ ਹਰਜਿੰਦਰ ਸਿੰਘ ਪ੍ਰਤੀ ਨਰਮੀ ਬਰਤਣ ਦੀ ਅਪੀਲ ਕੀਤੀ ਹੈ। ਇਹ ਅਪੀਲ ਅਮਰੀਕਾ ਦੇ ਫਲੋਰੀਡਾ ਦੇ ਗਵਰਨਰ ਤੋਂ ਕੀਤੀ ਗਈ ਹੈ।