ਅਮਰੀਕਾ ਵਿਚ 24 ਸਾਲਾਂ ਬਾਅਦ ਸਭ ਤੋਂ ਘਾਤਕ ਜਹਾਜ਼ ਹਾਦਸਾ
ਵਾਸ਼ਿੰਗਟਨ, 1 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਰੋਨਾਲਡ ਰੀਗਨ ਕੌਮੀ ਹਵਾਈ ਅੱਡੇ ‘ਤੇ ਫੌਜ ਦੇ ਇਕ ਹੈਲੀਕਾਪਟਰ ਅਤੇ ਅਮਰੀਕਨ ਏਅਰਲਾਈਨਜ਼ ਦੇ ਯਾਤਰੀ ਜਹਾਜ਼ ਵਿਚਾਲੇ ਹੋਈ ਟੱਕਰ ਵਿਚ ਮਾਰੇ ਗਏ 67 ਲੋਕਾਂ ਵਿਚ ਭਾਰਤੀ ਮੂਲ ਦੇ ਵੀ ਦੋ ਵਿਅਕਤੀ ਸ਼ਾਮਲ ਹਨ। ਮੀਡੀਆ ਵਿਚ ਆਈਆਂ ਖ਼ਬਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਅਮਰੀਕਾ ਵਿਚ 2001 ਦੇ ਬਾਅਦ ਤੋਂ ਇਹ ਸਭ ਤੋਂ ਘਾਤਕ ਜਹਾਜ਼ ਹਾਦਸਾ ਹੈ।
ਮਿਲੀ ਜਾਣਕਾਰੀ ਅਨੁਸਾਰ ਜੀ.ਈ. ਐਰੋਸਪੇਸ ਵਿਚ ਇੰਜੀਨੀਅਰ ਵਿਕੇਸ਼ ਪਟੇਲ ਅਤੇ ਵਾਸ਼ਿੰਗਟਨ ਦੀ ਵਸਨੀਕ ਕੰਸਲਟੈਂਟ ਅਸਰਾ ਹੁਸੈਨ ਰਜ਼ਾ ਵੀ ਜਹਾਜ਼ ਵਿਚ ਸਵਾਰ ਸੀ। ਘਟਨਾ ਬੁੱਧਵਾਰ ਰਾਤ ਨੂੰ ਵਾਪਰੀ ਸੀ। ਗਰੇਟਰ ਸਿਨਸਿਨਾਟੀ ਦਾ ਵਸਨੀਕ ਪਟੇਲ ਕੰਪਨੀ ‘ਚ ‘ਐੱਮ.ਆਰ.ਓ. ਟਰਾਂਸਫਾਰਮੇਸ਼ਨਲ ਰੀਡਰ’ ਸੀ, ਜੋ ਕਿ ਦੇਸ਼ ਭਰ ਵਿਚ ਯਾਤਰਾ ਕਰਦਾ ਸੀ। ਜੀ.ਈ. ਐਰੋਸਪੇਸ ਦੇ ਪ੍ਰਧਾਨ ਲੈਰੀ ਕਲਪ ਨੇ ਜਹਾਜ਼ ਹਾਦਸੇ ਵਿਚ ਜਾਨ ਗੁਆਉਣ ਵਾਲੇ ਕਰਮਚਾਰੀ ਦੀ ਪਛਾਣ ਪਟੇਲ ਦੇ ਰੂਪ ਵਿਚ ਕੀਤੀ। ਉੱਧਰ, ਰਜ਼ਾ (26) ਦੇ ਸਹੁਰੇ ਡਾ. ਹਾਸ਼ਿਮ ਰਜ਼ਾ ਨੇ ‘ਸੀ.ਐੱਨ.ਐੱਨ.’ ਨੂੰ ਦੱਸਿਆ ਕਿ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਉਨ੍ਹਾਂ ਦੀ ਨੂੰਹ ਵੀ ਸ਼ਾਮਲ ਹੈ। ਹਾਸ਼ਿਮ ਨੇ ਦੱਸਿਆ ਕਿ ਰਜ਼ਾ ਨੇ 2020 ਵਿਚ ਇੰਡਿਆਨਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਲਈ ਸੀ। ਉਸ ਦਾ ਪੁੱਤਰ ਤੇ ਰਜ਼ਾ ਇੱਕੋ ਕਾਲਜ ਵਿਚ ਪੜ੍ਹਦੇ ਸਨ ਅਤੇ ਅਗਸਤ 2023 ਵਿਚ ਦੋਹਾਂ ਨੇ ਵਿਆਹ ਕੀਤਾ ਸੀ। ਹਾਸ਼ਿਮ ਨੇ ਦੱਸਿਆ ਕਿ ਰਜ਼ਾ ਵਾਸ਼ਿੰਗਟਨ ਵਿਚ ਇਕ ਸਲਾਹਕਾਰ ਸੀ, ਜੋ ਇਕ ਹਸਪਤਾਲ ਨਾਲ ਜੁੜੇ ਪ੍ਰਾਜੈਕਟ ‘ਤੇ ਕੰਮ ਕਰ ਰਹੀ ਅਤੇ ਇਸੇ ਸਬੰਧ ਵਿਚ ਉਹ ਮਹੀਨੇ ਵਿਚ ਦੋ ਵਾਰ ਵਿਚਿਟਾ ਜਾਂਦੀ ਸੀ। ਅਸਰਾ ਰਜ਼ਾ ਦੇ ਪਤੀ ਹਮਾਦ ਰਜ਼ਾ ਨੇ ਕਿਹਾ ਕਿ ਉਸ ਦੀ ਪਤਨੀ ਨੇ ਉਸ ਨੂੰ ਸੁਨੇਹਾ ਭੇਜਿਆ ਸੀ ਕਿ ਉਨ੍ਹਾਂ ਦਾ ਜਹਾਜ਼ ਉਤਰਨ ਵਾਲਾ ਹੈ ਪਰ ਜਦੋਂ ਉਹ ਅਸਰਾ ਨੂੰ ਲੈਣ ਲਈ ਹਵਾਈ ਅੱਡੇ ‘ਤੇ ਪੁੱਜਿਆ, ਉਦੋਂ ਤੱਕ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਚੁੱਕੀ ਸੀ।