#AMERICA

ਅਮਰੀਕਾ ‘ਚ ਹੁਣ ਵਿਆਹ ਦੇ ਆਧਾਰ ‘ਤੇ ਪੁਰਾਣੇ ਡਿਪੋਰਟੇਸ਼ਨ ਆਰਡਰ ਨੂੰ ਨਹੀਂ ਹੋਣਗੇ ਰੱਦ!

ਵਾਸ਼ਿੰਗਟਨ ਡੀ.ਸੀ., 11 ਮਾਰਚ (ਪੰਜਾਬ ਮੇਲ)- ਅਮਰੀਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਲਈ ਇੱਕ ਬੇਹੱਦ ਅਹਿਮ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ‘ਬੋਰਡ ਆਫ ਇਮੀਗ੍ਰੇਸ਼ਨ ਅਪੀਲਜ਼’ (ਬੀ.ਆਈ.ਏ.) ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਕਿਸੇ ਵਿਅਕਤੀ ਦੇ ਖਿਲਾਫ ਇੱਕ ਵਾਰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਹੋ ਚੁੱਕੇ ਹਨ, ਤਾਂ ਉਸ ਤੋਂ ਬਾਅਦ ਕਿਸੇ ਅਮਰੀਕੀ ਨਾਗਰਿਕ ਨਾਲ ਵਿਆਹ ਕਰਵਾਉਣਾ ਵੀ ਉਸ ਨੂੰ ਡਿਪੋਰਟ ਹੋਣ ਤੋਂ ਨਹੀਂ ਬਚਾ ਸਕੇਗਾ।
ਅਦਾਲਤੀ ਫੈਸਲੇ ਅਨੁਸਾਰ, ਅਕਸਰ ਦੇਖਿਆ ਜਾਂਦਾ ਸੀ ਕਿ ਦੇਸ਼ ਨਿਕਾਲੇ ਦੇ ਹੁਕਮ ਹੋਣ ਤੋਂ ਬਾਅਦ ਕਈ ਪ੍ਰਵਾਸੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰ ਲੈਂਦੇ ਸਨ ਅਤੇ ਫਿਰ ਉਸ ਆਧਾਰ ‘ਤੇ ਆਪਣੇ ਕੇਸ ਨੂੰ ਮੁੜ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰਦੇ ਸਨ। ਪਰ ਹੁਣ ਬੀ.ਆਈ.ਏ. ਨੇ ਇਸ ਰੁਝਾਨ ‘ਤੇ ਸਖ਼ਤੀ ਦਿਖਾਈ ਹੈ।
ਬੋਰਡ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸਿਰਫ ਵਿਆਹ ਦੇ ਆਧਾਰ ‘ਤੇ ਪੁਰਾਣੇ ਡਿਪੋਰਟੇਸ਼ਨ ਆਰਡਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਅਦਾਲਤ ਮੁਤਾਬਕ, ਕਾਨੂੰਨ ਦੀਆਂ ਨਜ਼ਰਾਂ ਵਿਚ ਅਜਿਹੇ ਮਾਮਲਿਆਂ ਵਿਚ ਰਾਹਤ ਦੇਣੀ ਲਾਜ਼ਮੀ ਨਹੀਂ ਹੈ, ਖਾਸ ਕਰਕੇ ਉਦੋਂ ਜਦੋਂ ਵਿਅਕਤੀ ਪਹਿਲਾਂ ਹੀ ਦੇਸ਼ ਛੱਡਣ ਦੇ ਹੁਕਮਾਂ ਦੀ ਉਲੰਘਣਾ ਕਰ ਚੁੱਕਾ ਹੋਵੇ।
ਮਾਹਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਦਾ ਸਿੱਧਾ ਅਸਰ ਉਨ੍ਹਾਂ ਹਜ਼ਾਰਾਂ ਭਾਰਤੀਆਂ, ਖਾਸ ਕਰਕੇ ਪੰਜਾਬੀ ਨੌਜਵਾਨਾਂ ‘ਤੇ ਪੈ ਸਕਦਾ ਹੈ, ਜੋ ਅਮਰੀਕਾ ਵਿਚ ਪੱਕੇ ਹੋਣ ਲਈ ‘ਪੇਪਰ ਮੈਰਿਜ’ ਜਾਂ ਦੇਸ਼ ਨਿਕਾਲੇ ਦੇ ਹੁਕਮਾਂ ਤੋਂ ਬਾਅਦ ਵਿਆਹ ਦਾ ਸਹਾਰਾ ਲੈਂਦੇ ਹਨ। ਕਾਨੂੰਨੀ ਮਾਹਰਾਂ ਨੇ ਸਲਾਹ ਦਿੱਤੀ ਹੈ ਕਿ ਹੁਣ ਇਮੀਗ੍ਰੇਸ਼ਨ ਨਿਯਮਾਂ ਵਿਚ ਹੋਰ ਸਖ਼ਤੀ ਆਉਣ ਕਾਰਨ ਪ੍ਰਵਾਸੀਆਂ ਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।
ਇਸ ਫੈਸਲੇ ਨੇ ਉਨ੍ਹਾਂ ਲੋਕਾਂ ਲਈ ਰਾਹ ਮੁਸ਼ਕਲ ਕਰ ਦਿੱਤੇ ਹਨ, ਜੋ ਦੇਸ਼ ਨਿਕਾਲੇ ਦੀ ਤਲਵਾਰ ਲਟਕਣ ਤੋਂ ਬਾਅਦ ਵਿਆਹ ਨੂੰ ਇੱਕ ‘ਸੇਫਟੀ ਵਾਲਵ’ ਵਜੋਂ ਵਰਤਦੇ ਸਨ।