#AMERICA

ਅਮਰੀਕਾ ‘ਚ ਹੁਣ ਏ.ਆਈ. ਮਾਹਿਰਾਂ ਨੂੰ ਜਲਦ ਮਿਲੇਗਾ VISA

-ਵੱਡੀ ਗਿਣਤੀ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਵਾਸ਼ਿੰਗਟਨ, 25 ਜਨਵਰੀ (ਪੰਜਾਬ ਮੇਲ)- ਅਮਰੀਕਾ ‘ਚ ਏ.ਆਈ. ਮਾਹਿਰਾਂ ਨੂੰ ਹੁਣ ਜਲਦ ਵੀਜ਼ਾ ਮਿਲੇਗਾ। ਅਮਰੀਕੀ ਸਰਕਾਰ ਏ.ਆਈ. ਅਤੇ ਕ੍ਰਿਟੀਕਲ ਐਂਡ ਇਮਰਜਿੰਗ ਟੈਕਨਾਲੋਜੀ’ (ਸੀ.ਈ.ਟੀ.) ਦੇ ਖੇਤਰ ਵਿਚ ਚੀਨ ਤੋਂ ਮਿਲ ਰਹੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ ‘ਗਲੋਬਲ ਏ.ਆਈ. ਟੇਲੈਂਟ ਅਟ੍ਰੈਕਸ਼ਨ ਪ੍ਰੋਗਰਾਮ’ ਸ਼ੁਰੂ ਕਰਨ ਜਾ ਰਹੀ ਹੈ। ਹਜ਼ਾਰਾਂ ਭਾਰਤੀਆਂ ਨੂੰ ਇਸ ਦਾ ਫ਼ਾਇਦਾ ਹੋਵੇਗਾ।
ਯੂ.ਐੱਸ. ਇਮੀਗ੍ਰੇਸ਼ਨ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਏ.ਆਈ. ਮਾਹਿਰਾਂ ਲਈ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਬਿਨੈਕਾਰਾਂ ਨੂੰ ਤੁਰੰਤ ਨਿਯੁਕਤੀਆਂ ਪ੍ਰਦਾਨ ਕਰਨ। ਲੋੜ ਪੈਣ ‘ਤੇ ਜੇ-1, ਈਬੀ-1, ਈਬੀ-2 ਅਤੇ ਓ-1 ਸ਼੍ਰੇਣੀਆਂ ‘ਚ ਬਦਲਾਅ ਕਰਨ ਲਈ ਵੀ ਕਿਹਾ ਗਿਆ ਹੈ। ਇਹ ਮਾਹਿਰ ਜਿੰਨਾ ਚਿਰ ਚਾਹੁਣ ਅਮਰੀਕਾ ਵਿਚ ਰਹਿ ਸਕਣਗੇ ਪਰ ਉਨ੍ਹਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਦਾ ਕੰਮ ਜਨਹਿੱਤ ਅਤੇ ਵਿਕਾਸ ਨਾਲ ਸਬੰਧਤ ਪ੍ਰਾਜੈਕਟਾਂ ਵਿਚ ਵਰਤਿਆ ਜਾ ਰਿਹਾ ਹੈ।
ਬਾਇਡਨ ਪ੍ਰਸ਼ਾਸਨ ਨੇ ਵਿਦੇਸ਼ ਅਤੇ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੂੰ ਏ.ਆਈ. ਅਤੇ ਸੀ.ਈ.ਟੀ. ਦੇ ਖੇਤਰ ਵਿਚ ਅਧਿਐਨ, ਖੋਜ ਅਤੇ ਨੌਕਰੀਆਂ ਲਈ ਲੋਕਾਂ ਨੂੰ ਲਿਆਉਣ ਲਈ ਅਖਤਿਆਰੀ ਸ਼ਕਤੀਆਂ ਦੀ ਵਰਤੋਂ ਕਰਨ ਦੀ ਆਜ਼ਾਦੀ ਦਿੱਤੀ ਹੈ। ਵੀਜ਼ਾ ਕਤਾਰਾਂ ਤੋਂ ਬਚਣ ਲਈ ‘ਜਨਤਕ ਲਾਭ ਪੈਰੋਲ’ ਵਿਵਸਥਾ ਲਾਗੂ ਹੋ ਸਕਦੀ ਹੈ। ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ ਵਿਖੇ ਐਮਰਜਿੰਗ ਟੈਕਨਾਲੋਜੀ ਅਤੇ ਰਾਸ਼ਟਰੀ ਸੁਰੱਖਿਆ ਦੇ ਐਸੋਸੀਏਟ ਡਾਇਰੈਕਟਰ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਅਮਰੀਕੀ ਆਰਥਿਕਤਾ ਨੂੰ ਮਜ਼ਬੂਤ ਰੱਖਣ ਲਈ ਪ੍ਰਤਿਭਾ ਦੀ ਮਹੱਤਤਾ ਨੂੰ ਸਮਝਦਾ ਹੈ।