#AMERICA

ਅਮਰੀਕਾ ‘ਚ ਹਜ਼ਾਰਾਂ ਫਲਾਈਟਾਂ ਹੋ ਰਹੀਆਂ ਨੇ ਪ੍ਰਭਾਵਿਤ

ਵਾਸ਼ਿੰਗਟਨ ਡੀ.ਸੀ., 18 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਵਿਭਾਗ ਦੇ ਫੰਡਾਂ ਨੂੰ ਰੋਕ ਦਿੱਤਾ ਗਿਆ ਹੈ, ਜਿਸ ਕਰਕੇ ਅਮਰੀਕਾ ਭਰ ਵਿਚ ਹਵਾਈ ਯਾਤਰਾ ਪ੍ਰਭਾਵਿਤ ਹੋਈ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੇ ਅਧੀਨ ਆਉਂਦੀ ਟਰਾਂਸਪੋਰਟ ਸਕਿਓਰਿਟੀ ਏਜੰਸੀ (TSA) ਦੇ ਕਰਮਚਾਰੀ ਪਿਛਲੇ ਕੁੱਝ ਦਿਨਾਂ ਤੋਂ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ।
ਇਸ ਤੋਂ ਪਹਿਲਾਂ ਵੀ ਸਤੰਬਰ 2025 ਵਿਚ 43 ਦਿਨਾਂ ਦਾ ਸ਼ੱਟਡਾਊਨ ਹੋਇਆ ਸੀ, ਜਿਸ ਕਰਕੇ TSA ਵਿਭਾਗ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਦੇਸ਼ ਭਰ ਵਿਚ ਹਵਾਈ ਯਾਤਰਾ ‘ਚ ਦੇਰੀ ਹੋਈ ਸੀ।
ਅਚਾਨਕ ਦੂਜੀ ਵਾਰੀ ਸ਼ੱਟਡਾਊਨ ਹੋਣ ਕਾਰਨ ਅਤੇ ਤਨਖਾਹਾਂ ਬੰਦ ਹੋਣ ਕਾਰਨ TSA ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਣ ਤੱਕ 6 ਹਜ਼ਾਰ ਤੋਂ ਵੱਧ ਯੂ.ਐੱਸ. ਉਡਾਣਾਂ ‘ਚ ਦੇਰੀ ਹੋ ਚੁੱਕੀ ਹੈ ਅਤੇ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਰਕੇ ਹਵਾਈ ਯਾਤਰੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ੱਟਡਾਊਨ ਕਾਰਨ ਏਅਰਪੋਰਟਾਂ ‘ਤੇ ਭਾਰੀ ਭੀੜ ਪੈਦਾ ਹੋ ਸਕਦੀ ਹੈ, ਜਿਸ ਕਰਕੇ ਉਡਾਣਾਂ ‘ਚ ਦੇਰੀ ਹੋ ਸਕਦੀ ਹੈ।
ਇੱਕ ਅੰਦਾਜ਼ੇ ਮੁਤਾਬਕ 8 ਮਿਲੀਅਨ ਦੇ ਕਰੀਬ ਯਾਤਰੀਆਂ ਨੂੰ ਹੁਣ ਤੱਕ ਯਾਤਰਾ ਵਿਚ ਵਿਘਨ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ।
ਫੰਡਿੰਗ ਵਿਚ ਅਨਿਸ਼ਚਿਤਤਾ ਕਾਰਨ ਪੂਰੇ ਹਵਾਈ ਯਾਤਰਾ ਪ੍ਰਣਾਲੀ ਨੂੰ ਸਥਾਈ ਨੁਕਸਾਨ ਹੋਇਆ ਹੈ। ਖਾਸ ਕਰਕੇ ਏਅਰਲਾਈਨਾਂ, ਹੋਟਲਾਂ, ਟੈਕਸੀ ਕਾਰੋਬਾਰ ਅਤੇ ਹਜ਼ਾਰਾਂ ਛੋਟੇ ਕਾਰੋਬਾਰ ਵੀ ਇਸ ਨਾਲ ਪ੍ਰਭਾਵਿਤ ਹੋਏ ਹਨ।
ਇਸ ਸ਼ੱਟਡਾਊਨ ਕਾਰਨ ਬਹੁਤ ਸਾਰੇ ਅਧਿਕਾਰੀਆਂ ਵੱਲੋਂ ਜਾਂ ਤਾਂ ਫਰਲੋ ਲੈਣ ਦੀ ਉਮੀਦ ਹੈ ਅਤੇ ਜਾਂ ਫਿਰ ਉਹ ਆਪਣੀ ਨੌਕਰੀ ਵੀ ਛੱਡ ਸਕਦੇ ਹਨ।
ਇੱਥੇ ਇਹ ਦੱਸਣਯੋਗ ਹੈ ਕਿ ਯਾਤਰੀ ਹਵਾਈ ਸਫਰ ਕਰਨ ਦੇ ਮਿੱਥੇ ਸਮੇਂ ਤੋਂ ਲੰਮਾ ਸਮਾਂ ਪਹਿਲਾਂ ਆਪਣੇ ਏਅਰਪੋਰਟ ‘ਤੇ ਪਹੁੰਚਣ, ਤਾਂ ਜੋ ਇਸ ਸ਼ੱਟਡਾਊਨ ਕਾਰਨ ਉਨ੍ਹਾਂ ਦੀਆਂ ਫਲਾਈਟਾਂ ਛੁੱਟ ਨਾ ਜਾਣ।