ਸੈਕਰਾਮੈਂਟੋ, 29 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਿਊਸਟਨ ਵਾਸੀ ਐਲਿਜ਼ਾਬੈਥ ਫਰਾਂਸਿਸ ਦੀ 115 ਸਾਲ ਦੀ ਉਮਰ ਵਿਚ ਮੌਤ ਹੋ ਜਾਣ ਦੀ ਖਬਰ ਹੈ। ਫਰਾਂਸਿਸ ਜਿਸ ਨੂੰ ”ਕੁਈਨ ਐਲਿਜ਼ਾਬੈਥ ਆਫ ਹਿਊਸਟਨ” ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਅਮਰੀਕਾ ਵਿਚ ਸਭ ਤੋਂ ਵਧ ਲੰਮੀ ਉਮਰ ਜੀਣ ਵਾਲੀ ਔਰਤ ਬਣ ਗਈ ਹੈ ਤੇ ਵਿਸ਼ਵ ਉਹ ਤੀਸਰੀ ਔਰਤ ਹੈ, ਜਿਸ ਨੇ ਸਭ ਤੋਂ ਵਧ ਲੰਮੀ ਉਮਰ ਹੰਢਾਈ ਹੈ। ਫਰਾਂਸਿਸ 1909 ‘ਚ ਸੇਂਟ ਮੈਰੀ ਪੈਰਿਸ਼, ਲੂਸੀਆਨਾ ਵਿਚ ਪੈਦਾ ਹੋਈ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ 20 ਰਾਸ਼ਟਰਪਤੀ ਚੋਣਾਂ ਤੇ ਦੋਨੋਂ ਵਿਸ਼ਵ ਯੁੱਧ ਵੇਖੇ। ਇਸ ਸਾਲ ਆਪਣੇ 115ਵੇਂ ਜਨਮ ਦਿਨ ‘ਤੇ ਉਸ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੈਲ ਓਬਾਮਾ ਵੱਲੋਂ ਲਿਖਿਆ ਪੱਤਰ ਮਿਲਿਆ ਸੀ, ਜਿਸ ਵਿਚ ਉਸ ਵੱਲੋਂ ਸਮਾਜ ਵਿਚ ਪਾਏ ਯੋਗਦਾਨ ਤੇ ਉਸ ਦੇ ਜੀਵਨ ਇਤਿਹਾਸ ਦੀ ਪ੍ਰਸ਼ੰਸਾ ਕੀਤੀ ਗਈ ਸੀ।