#AMERICA

ਅਮਰੀਕਾ ‘ਚ ਵਿਆਹ ਹੁਣ ਗ੍ਰੀਨ ਕਾਰਡ ਦੀ ਗਾਰੰਟੀ ਨਹੀਂ ਰਿਹਾ

-ਬਦਲੀ ਹੋਈ ਇਮੀਗ੍ਰੇਸ਼ਨ ਪਾਲਿਸੀ ‘ਚ ਗ੍ਰੀਨ ਕਾਰਡ ਅਰਜ਼ੀਆਂ ਸਖਤ ਜਾਂਚ ਦੇ ਘੇਰੇ ‘ਚ
ਵਾਸ਼ਿੰਗਟਨ, 2 ਜਨਵਰੀ (ਪੰਜਾਬ ਮੇਲ)- ਅਮਰੀਕੀ ਨਾਗਰਿਕ ਨਾਲ ਵਿਆਹ ਨੂੰ ਲੰਬੇ ਸਮੇਂ ਤੋਂ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਸਭ ਤੋਂ ਸੁਰੱਖਿਅਤ ਅਤੇ ਸਿੱਧਾ ਰਸਤਾ ਮੰਨਿਆ ਜਾਂਦਾ ਰਿਹਾ ਹੈ ਅਤੇ ਆਮ ਧਾਰਨਾ ਇਹ ਸੀ ਕਿ ਵਿਆਹ ਤੋਂ ਬਾਅਦ ਸਥਾਈ ਨਿਵਾਸ ਲਗਪਗ ਤੈਅ ਹੋ ਜਾਂਦਾ ਹੈ, ਪਰ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਵਿਚ ਆਏ ਹਾਲੀਆ ਬਦਲਾਅ ਤੋਂ ਬਾਅਦ ਇਹ ਧਾਰਨਾ ਟੁੱਟ ਚੁੱਕੀ ਹੈ।
ਹੁਣ ਵਿਆਹ ਆਪਣੇ ਆਪ ਵਿਚ ਗ੍ਰੀਨ ਕਾਰਡ ਦੀ ਗਾਰੰਟੀ ਨਹੀਂ ਰਿਹਾ। ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀ ਹੁਣ ਸਿਰਫ਼ ਇਹ ਨਹੀਂ ਦੇਖਦੇ ਕਿ ਵਿਆਹ ਕਾਨੂੰਨੀ ਤੌਰ ‘ਤੇ ਹੋਇਆ ਹੈ ਜਾਂ ਨਹੀਂ, ਸਗੋਂ ਇਹ ਵੀ ਜਾਂਚਦੇ ਹਨ ਕਿ ਇਹ ਰਿਸ਼ਤਾ ਅਸਲੀ ਹੈ ਜਾਂ ਸਿਰਫ਼ ਇਮੀਗ੍ਰੇਸ਼ਨ ਲਾਭ ਹਾਸਲ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ ਅਤੇ ਇਸੇ ਬਦਲੇ ਹੋਏ ਨਜ਼ਰੀਏ ਕਾਰਨ ਹਜ਼ਾਰਾਂ ਵਿਆਹ ਆਧਾਰਿਤ ਗ੍ਰੀਨ ਕਾਰਡ ਅਰਜ਼ੀਆਂ ਹੁਣ ਸਖ਼ਤ ਜਾਂਚ ਦੇ ਘੇਰੇ ਵਿਚ ਹਨ।
ਹਾਲਾਂਕਿ ਅਮਰੀਕੀ ਨਾਗਰਿਕਾਂ ਦੇ ਜੀਵਨ ਸਾਥੀ ਅਜੇ ਵੀ ‘ਇਮੀਡੀਏਟ ਰਿਲੇਟਿਵ’ ਦੀ ਸ਼੍ਰੇਣੀ ‘ਚ ਆਉਂਦੇ ਹਨ, ਜਿਸਦਾ ਮਤਲਬ ਹੈ ਕਿ ਉਹ ਬਿਨਾਂ ਕਿਸੇ ਲੰਬੀ ਉਡੀਕ ਦੇ ਅਪਲਾਈ ਕਰ ਸਕਦੇ ਹਨ, ਪਰ ਪਾਤਰਤਾ ਅਤੇ ਮਨਜ਼ੂਰੀ ਦੇ ਵਿਚਕਾਰ ਦਾ ਅੰਤਰ ਹੁਣ ਬਹੁਤ ਵਧ ਗਿਆ ਹੈ; ਇਮੀਗ੍ਰੇਸ਼ਨ ਮਾਹਿਰਾਂ ਅਤੇ ਮਸ਼ਹੂਰ ਵਕੀਲ ਬ੍ਰੈਡ ਬਰਨਸਟਾਈਨ ਅਨੁਸਾਰ ਹੁਣ ਵਿਆਹ ਨਹੀਂ, ਸਗੋਂ ਵਿਆਹ ਦੇ ਪਿੱਛੇ ਦੀ ਮਨਸ਼ਾ ਸਭ ਤੋਂ ਅਹਿਮ ਹੋ ਗਈ ਹੈ।
ਯੂ.ਐੱਸ.ਸੀ.ਆਈ.ਐੱਸ. ਨੇ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਹੁਣ ਇਹ ਦੇਖਣਾ ਸ਼ੁਰੂ ਕਰ ਦਿੱਤਾ ਹੈ ਕਿ ਕੀ ਜੋੜਾ ਅਸਲ ਵਿਚ ਪਤੀ-ਪਤਨੀ ਵਾਂਗ ਇਕੱਠੇ ਰਹਿ ਰਿਹਾ ਹੈ, ਕੀ ਰਿਸ਼ਤਾ ਸਮੇਂ ਦੇ ਨਾਲ ਵਿਕਸਿਤ ਹੋਇਆ ਹੈ ਅਤੇ ਕੀ ਇੰਟਰਵਿਊ ਦੌਰਾਨ ਦਿੱਤੇ ਬਿਆਨ ਦਸਤਾਵੇਜ਼ਾਂ ਨਾਲ ਮੇਲ ਖਾਂਦੇ ਹਨ, ਜਿਸ ਨੂੰ ‘ਟੋਟੈਲਿਟੀ ਆਫ ਦਿ ਰਿਲੇਸ਼ਨਸ਼ਿਪ’ ਕਿਹਾ ਜਾਂਦਾ ਹੈ।
ਨਵੀਂ ਸਖ਼ਤੀ ਵਿਚ ‘ਸਹਿ-ਨਿਵਾਸ’ ਯਾਨੀ ਇਕੱਠੇ ਰਹਿਣਾ ਸਭ ਤੋਂ ਵੱਡੀ ਕਸੌਟੀ ਬਣ ਗਿਆ ਹੈ ਅਤੇ ਜੇਕਰ ਕੋਈ ਜੋੜਾ ਨੌਕਰੀ ਜਾਂ ਪੜ੍ਹਾਈ ਕਾਰਨ ਵੱਖ-ਵੱਖ ਸ਼ਹਿਰਾਂ ਵਿਚ ਰਹਿੰਦਾ ਹੈ, ਤਾਂ ਉਹ ਸਿੱਧਾ ਸ਼ੱਕ ਦੇ ਘੇਰੇ ਵਿਚ ਆ ਜਾਂਦਾ ਹੈ ਕਿਉਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਸਲੀ ਵਿਆਹ ਵਿਚ ਜੋੜਾ ਰੋਜ਼ਾਨਾ ਜੀਵਨ ਸਾਂਝਾ ਕਰਦਾ ਹੈ। ਇੰਨਾ ਹੀ ਨਹੀਂ, ਅਧਿਕਾਰੀ ਹੁਣ ਅਚਾਨਕ ਘਰਾਂ ਵਿਚ ਜਾ ਕੇ ਬੈੱਡਰੂਮ, ਅਲਮਾਰੀਆਂ ਅਤੇ ਸਾਂਝੀਆਂ ਵਸਤੂਆਂ ਦੀ ਜਾਂਚ ਕਰ ਰਹੇ ਹਨ ਅਤੇ ਗੁਆਂਢੀਆਂ ਤੋਂ ਵੀ ਪੁੱਛਗਿੱਛ ਕਰਦੇ ਹਨ, ਜੋ ਕਿ ਸਿਰਫ ਦਸਤਾਵੇਜ਼ਾਂ ‘ਤੇ ਭਰੋਸਾ ਕਰਨ ਵਾਲੇ ਬਿਨੈਕਾਰਾਂ ਲਈ ਹੈਰਾਨ ਕਰਨ ਵਾਲਾ ਹੈ।
ਪਹਿਲਾਂ ਸਿਰਫ਼ ਵਿਆਹ ਦਾ ਸਰਟੀਫਿਕੇਟ ਅਤੇ ਕੁਝ ਤਸਵੀਰਾਂ ਕਾਫ਼ੀ ਹੁੰਦੀਆਂ ਸਨ, ਪਰ ਹੁਣ ਸਾਂਝੇ ਬੈਂਕ ਖਾਤੇ, ਸਾਂਝੇ ਖਰਚੇ, ਟੈਕਸ ਰਿਟਰਨ ਅਤੇ ਪਰਿਵਾਰਕ ਪ੍ਰੋਗਰਾਮਾਂ ਦੇ ਠੋਸ ਸਬੂਤਾਂ ਦੀ ਲੋੜ ਹੁੰਦੀ ਹੈ ਅਤੇ ਜੇ ਅਧਿਕਾਰੀਆਂ ਨੂੰ ਲੱਗੇ ਕਿ ਵਿਆਹ ਦਾ ਮੁੱਖ ਉਦੇਸ਼ ਸਿਰਫ਼ ਗ੍ਰੀਨ ਕਾਰਡ ਲੈਣਾ ਸੀ, ਤਾਂ ਪੂਰੀ ਤਰ੍ਹਾਂ ਵੈਧ ਅਤੇ ਰਜਿਸਟਰਡ ਵਿਆਹ ਨੂੰ ਵੀ ਖਾਰਜ ਕੀਤਾ ਜਾ ਸਕਦਾ ਹੈ। ਇਹ ਸਖ਼ਤੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੌਰਾਨ ਵਿਆਪਕ ਇਮੀਗ੍ਰੇਸ਼ਨ ਨੀਤੀ ਨੂੰ ਸਖ਼ਤ ਬਣਾਉਣ ਦੀ ਮੁਹਿੰਮ ਦਾ ਹਿੱਸਾ ਹੈ, ਤਾਂ ਜੋ ਫਰਜ਼ੀ ਵਿਆਹਾਂ ਅਤੇ ਏਜੰਟਾਂ ਦੇ ਨੈੱਟਵਰਕ ਨੂੰ ਰੋਕਿਆ ਜਾ ਸਕੇ, ਜਿਸ ਦੀ ਪੁਸ਼ਟੀ ਹੋਮਲੈਂਡ ਸਕਿਉਰਿਟੀ ਸਕੱਤਰ ਕ੍ਰਿਸਟੀ ਨੋਏਮ ਨੇ ਵੀ ਕੀਤੀ ਹੈ।
ਇਸ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਲੋਕਾਂ ‘ਤੇ ਪੈ ਰਿਹਾ ਹੈ, ਜੋ ਵਿਆਹ ਤੋਂ ਬਾਅਦ ਵੱਖ ਰਹਿੰਦੇ ਹਨ ਜਾਂ ਜਿਨ੍ਹਾਂ ਦਾ ਵਿਆਹ ਬਹੁਤ ਜਲਦੀ ਤੈਅ ਹੋਇਆ ਸੀ, ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਬਿਨੈਕਾਰਾਂ ਨੂੰ ਹੁਣ ਕਾਨੂੰਨੀ ਸਲਾਹ ਲੈਣ, ਸਾਂਝੇ ਜੀਵਨ ਦੇ ਸਬੂਤ ਸੰਭਾਲ ਕੇ ਰੱਖਣ ਅਤੇ ਇੰਟਰਵਿਊ ਵਿਚ ਸਪੱਸ਼ਟ ਜਵਾਬ ਦੇਣ ਵਰਗੀ ਸਾਵਧਾਨੀ ਵਰਤਣੀ ਚਾਹੀਦੀ ਹੈ।