-2 ਭਾਰਤੀ ਹੋਏ ਗ੍ਰਿਫ਼ਤਾਰ
ਨਿਊਯਾਰਕ, 21 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਰਾਜ ਦੱਖਣੀ ਕੈਰੋਲੀਨਾ ਵਿਚ ਯੂ ਵੀਜ਼ਾ ਲਈ ਡਕੈਤੀ ਦਾ ਜਾਅਲਸਾਜ਼ੀ ਕਰਨ ਵਾਲੇ ਦੋ ਗੁਜਰਾਤੀ-ਭਾਰਤੀ ਫੜੇ ਗਏ ਹਨ। ਫੇਅਰਫੀਲਡ ਕਾਉਂਟੀ ਵਿਚ ਹੋਈ ਇਸ ਘਟਨਾ ਵਿਚ ਬੀਰੇਨ ਪਟੇਲ ਨਾਂ ਦੇ ਇੱਕ ਗੁਜਰਾਤੀ, ਜੋ ਮੋਂਟੀਸੇਲੋ ਨਾਮਕ ਇੱਕ ਗੈਸ ਸਟੇਸ਼ਨ ਕਮ ਸਟੋਰ ਚਲਾਉਂਦਾ ਹੈ, ਨੇ 9 ਮਾਰਚ ਨੂੰ ਇੱਕ ਪੁਲਿਸ ਰਿਪੋਰਟ ਦਰਜ ਕਰਵਾਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਸ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਬੰਦੂਕ ਦੀ ਨੋਕ ‘ਤੇ ਲੁੱਟ ਲਿਆ ਹੈ ਅਤੇ ਸਟੋਰ ਵਿਚੋਂ 379 ਡਾਲਰ ਲੁੱਟ ਲਏ ਹਨ।
ਉਸ ਨੇ ਅੱਗੇ ਦਾਅਵਾ ਕੀਤਾ ਕਿ ਇਹ ਘਟਨਾ ਰਾਤ ਦੇ ਨੌਂ ਵਜੇ ਦੇ ਕਰੀਬ ਵਾਪਰੀ। ਹਾਲਾਂਕਿ ਪੁਲਿਸ ਨੂੰ ਸ਼ੁਰੂ ਤੋਂ ਹੀ ਇਹ ਮਾਮਲਾ ਸ਼ੱਕੀ ਲੱਗਿਆ ਅਤੇ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ ਕਿ ਡਕੈਤੀ ਅਸਲ ਵਿਚ ਹੋਈ ਸੀ ਜਾਂ ਕੋਈ ਹੋਰ ਗੱਲ ਸੀ। ਇਸ ਦੌਰਾਨ ਪੁਲਿਸ ਨੂੰ ਕੁਝ ਪੱਕੇ ਸਬੂਤ ਮਿਲੇ ਕਿ ਇਹ ਡਕੈਤੀ ਜਾਅਲੀ ਸੀ।
ਬੀਤੀ 14 ਮਈ ਨੂੰ ਬੀਰੇਨ ਪਟੇਲ ਤੋਂ ਪੁਲਿਸ ਨੇ ਇਸ ਮਾਮਲੇ ਵਿਚ ਡੂੰਘਾਈ ਨਾਲ ਪੁੱਛਗਿੱਛ ਕੀਤੀ, ਜਿਸ ਵਿਚ ਉਸ ਨੇ ਸੱਚਾਈ ਦੱਸੀ ਅਤੇ ਕਬੂਲ ਕੀਤਾ ਕਿ ਉਸ ਨੇ ਲਕਸ਼ਿਤ ਪਟੇਲ, ਜੋ ਉਸ ਦੇ ਸਟੋਰ ਵਿਚ ਕੰਮ ਕਰਦਾ ਸੀ, ਲਈ ਯੂ ਵੀਜ਼ਾ ਪ੍ਰਾਪਤ ਕਰਨ ਲਈ ਡਕੈਤੀ ਦਾ ਝੂਠਾ ਡਰਾਮਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਲਕਸ਼ਿਤ ਪਟੇਲ ਸਤੰਬਰ 2024 ਵਿਚ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਆਇਆ ਸੀ। ਮਾਰਚ 2025 ਵਿਚ ਉਸਦੀ ਇਮੀਗ੍ਰੇਸ਼ਨ ਸੁਣਵਾਈ ਹੋਈ ਸੀ ਤੇ ਇਹ ਜਾਅਲੀ ਡਕੈਤੀ ਉਸ ਤੋਂ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਸੀ। ਇਸ ਮਾਮਲੇ ਵਿਚ ਬੀਰੇਨ ਪਟੇਲ ਨੂੰ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਲਕਸ਼ਿਤ ਪਟੇਲ ਨੂੰ ਝੂਠੀ ਪੁਲਿਸ ਰਿਪੋਰਟ ਦਰਜ ਕਰਨ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਲਕਸ਼ਿਤ ਪਟੇਲ ਇਸ ਸਮੇਂ ਆਪਣੀ ਇਮੀਗ੍ਰੇਸ਼ਨ ਸਥਿਤੀ ਦੇ ਕਾਰਨ ਸੰਘੀ ਸਰਕਾਰ ਦੇ ਹੁਕਮ ‘ਤੇ ਹਿਰਾਸਤ ਵਿਚ ਹੈ, ਜਿਸ ਦਾ ਅਰਥ ਹੈ ਕਿ ਉਸ ਨੂੰ ਹੁਣ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਫੇਅਰਫੀਲਡ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਵੱਲੋਂ ਇਹ ਮਾਮਲਾ ਹੋਮਲੈਂਡ ਸਕਿਓਰਿਟੀ ਵਿਭਾਗ ਨੂੰ ਸੌਂਪ ਦਿੱਤਾ ਗਿਆ।
ਅਮਰੀਕਾ ‘ਚ ਯੂ-ਵੀਜ਼ਾ ਹਾਸਲ ਕਰਨ ਲਈ ਰਚਿਆ ਝੂਠੀ ਡਕੈਤੀ ਦਾ ਡਰਾਮਾ!

